ਮਲੇਰਕੋਟਲਾ, 19 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਵਿਧਾਨ ਸਭਾ ਹਲਕਾ ਅਮਰਗੜ੍ਹ ਅਧੀਨ ਪੈਂਦੇ ਨਿਰੋਲ ਮੁਸਲਿਮ ਆਬਾਦੀ ਵਾਲੇ ਪਿੰਡ ਭੈਣੀ ਕੰਬੋਆਂ ਦੇ ਮੁਸਲਿਮ ਭਾਈਚਾਰੇ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾ ਕੇ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੇ ਲਗਾਈ ਮੋਹਰ | ਇਸ ਪਿੰਡ ਦੀਆਂ ਕੁੱਲ ਵੋਟਾਂ ਦੀ ਗਿਣਤੀ 1470 ਦੇ ਕਰੀਬ ਹੈ, ਜਿਸ 'ਚੋਂ 611 ਵੋਟਾਂ ਪੋਲ ਹੋਈਆਂ ਸਨ | ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮੰਨਵੀਂ ਜ਼ੋਨ ਤੋਂ ਚੋਣ ਜਿੱਤੇ ਉਮੀਦਵਾਰ ਗੁਰਪ੍ਰੀਤ ਸਿੰਘ ਬਨਭੋਰਾ ਨੂੰ 460 ਵੋਟਾਂ ਮਿਲੀਆਂ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਦੇ ਖ਼ਾਨਪੁਰ ਜ਼ੋਨ ਤੋਂ ਚੋਣ ਜਿੱਤੇ ਉਮੀਦਵਾਰ ਹਰਜਿੰਦਰ ਸਿੰਘ ਨੇ 458 ਵੋਟਾਂ ਹਾਸਿਲ ਕੀਤੀਆਂ | ਜ਼ਿਕਰਯੋਗ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਮਾਰਕੀਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਜਨਾਬ ਜਾਫ਼ਰ ਅਲੀ ਪਿੰਡ ਭੈਣੀ ਕੰਬੋਆਂ ਦੇ ਰਹਿਣ ਵਾਲੇ ਹਨ | ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਹੋਈ ਰਿਕਾਰਡ ਤੋੜ ਤੇ ਇਤਿਹਾਸਿਕ ਜਿੱਤ ਤੇ ਚੇਅਰਮੈਨ ਜਨਾਬ ਜਾਫ਼ਰ ਅਲੀ ਭੈਣੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਪਿੰਡ ਭੈਣੀ ਦੇ ਮੁਸਲਿਮ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਕੇ ਜੋ ਫ਼ੈਸਲਾ ਦਿੱਤਾ ਹੈ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟਰਾਂ ਨੇ ਮੁੱਢੋਂ ਹੀ ਨਕਾਰ ਦਿੱਤਾ ਹੈ | ਇਸ ਤੋਂ ਸਿੱਧ ਹੁੰਦਾ ਹੈ ਕਿ ਪਿੰਡ ਦੇ ਮੁਸਲਿਮ ਭਾਈਚਾਰੇ ਨੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਦੀਆਂ ਨੀਤੀਆਂ ਤੇ ਅਟੁੱਟ ਵਿਸ਼ਵਾਸ ਪ੍ਰਗਟ ਕੀਤਾ ਹੈ | ਆਮ ਆਦਮੀ ਪਾਰਟੀ ਦੇ ਉਪਰੋਕਤ ਉਮੀਦਵਾਰਾਂ ਨੂੰ ਮੁਸਲਿਮ ਭਾਈਚਾਰੇ ਵਲੋਂ ਪਾਈਆਂ ਰਿਕਾਰਡ ਤੋੜ ਵੋਟਾਂ ਤੇ ਚੇਅਰਮੈਨ ਜਨਾਬ ਜਾਫ਼ਰ ਅਲੀ ਭੈਣੀ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਿਕਾਰਡ ਤੋੜ ਜਿੱਤ ਦਰਜ਼ ਕਰ ਕੇ ਦੁਬਾਰਾ ਸਰਕਾਰ ਬਣਾ ਕੇ ਜ਼ਰੂਰ ਇਤਿਹਾਸ ਸਿਰਜੇਗੀ | ਇਸ ਮੌਕੇ ਸਾਬਕਾ ਸਰਪੰਚ ਮੁਹੰਮਦ ਯਾਮੀਨ ਬਿੱਟੂ ਭੈਣੀ ਮੌਜੂਦ ਸਨ |