ਲਹਿਰਾਗਾਗਾ, 19 ਦਸੰਬਰ (ਅਸ਼ੋਕ ਗਰਗ) - ਅੱਜ ਇੱਥੇ ਪੈਨਸ਼ਨਰਜ਼ ਦਿਵਸ ਦੇ ਮੌਕੇ 'ਤੇ ਇੱਕ ਵਿਸ਼ੇਸ਼ ਸਮਾਗਮ ਵਿਚ ਜੁੜੇ ਪੈਨਸ਼ਨਰਾਂ ਨੇ ਕੇਂਦਰੀ ਤੇ ਸੂਬਾਈ ਸਰਕਾਰਾਂ ਵਲੋਂ ਸਮੇਂ ਸਮੇਂ 'ਤੇ ਪੈਨਸ਼ਨਰਾਂ ਨੰੂ ਖ਼ਜ਼ਾਨੇ 'ਤੇ ਬੋਝ ਦੱਸਣ ਦਾ ਜਵਾਬ ਦਿੰਦਿਆਂ ਕਿਹਾ ਕਿ ਪੈਨਸ਼ਨ ਮਜ਼ਦੂਰਾਂ/ਮੁਲਾਜ਼ਮਾਂ ਦਾ ਬੁਨਿਆਦੀ ਹੱਕ ਹੈ ਇਹ ਕੋਈ ਭੀਖ ਨਹੀਂ ਹੈ | ਸਮਾਗਮ ਨੰੂ ਸੰਬੋਧਨ ਕਰਦੇ ਹੋਏ ਸੇਵਾ-ਮੁਕਤ ਅਧਿਆਪਕਾ ਤੇ ਨਗਰ ਕੌਂਸਲ ਪ੍ਰਧਾਨ ਮੈਡਮ ਕਾਂਤਾ ਗੋਇਲ, ਮੈਡਮ ਲੀਲ੍ਹਾ ਦੇਵੀ, ਰਤਨਪਾਲ ਡੂਡੀਆਂ, ਜਗਦੀਸ਼ ਪਾਪੜਾ, ਡਾ: ਬਿਹਾਰੀ ਮੰਡੇਰ, ਰਘਬੀਰ ਭੁਟਾਲ ਨੇ ਕਿਹਾ ਕਿ ਦੁਨੀਆਂ ਭਰ ਵਿਚ ਪਿਛਲੀ ਸਦੀ ਵਿਚ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਲੰਮੇ ਸੰਘਰਸ਼ਾਂ ਤੋਂ ਬਾਅਦ ਮਜ਼ਦੂਰਾਂ ਤੇ ਮੁਲਾਜ਼ਮਾਂ ਨੇ ਪੈਨਸ਼ਨ ਸਮੇਤ ਹੋਰ ਹੱਕ ਪ੍ਰਾਪਤ ਕੀਤੇ ਹਨ | ਇਨ੍ਹਾਂ ਹੱਕਾਂ ਨੰੂ ਖੋਹਣ ਲਈ ਸਰਕਾਰਾਂ ਜਿੱਥੇ ਲੇਬਰ ਲਾਅ ਖ਼ਤਮ ਕਰ ਰਹੀਆਂ ਹਨ, ਉੱਥੇ ਪੈਨਸ਼ਨ ਦਾ ਹੱਕ ਖੋਹਣ ਲਈ ਪੈਨਸ਼ਨਰਾਂ ਨੰੂ ਸਰਕਾਰੀ ਖ਼ਜ਼ਾਨੇ 'ਤੇ ਬੋਝ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਇਸ ਸਾਲਾਨਾ ਸਮਾਗਮ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾਸਟਰ ਭਗਵਾਨ ਦਾਸ ਨੇ ਜਥੇਬੰਦੀ ਦੇ ਲੇਖੇ ਜੋਖੇ ਦੀ ਰਿਪੋਰਟ ਪੇਸ਼ ਕੀਤੀ ਜਿਸ ਨੰੂ ਸਰਬਸੰਮਤੀ ਨਾਲ ਹਾਜ਼ਰ ਪੈਨਸ਼ਨਰਾਂ ਨੇ ਪਾਸ ਕੀਤਾ | ਇਸ ਉਪਰੰਤ ਸਮਾਗਮ ਵਿਚ 65 ਸਾਲ ਦੀ ਉਮਰ ਪਾਰ ਕਰ ਚੁੱਕੇ ਪੰਜ ਪੈਨਸ਼ਨਰ ਸਾਥੀਆਂ ਸਰਬ ਲਛਮਣ ਅਲੀਸ਼ੇਰ, ਮੈਡਮ ਕਾਂਤਾ ਗੋਇਲ, ਮਾਸਟਰ ਗੱਜਣ ਸਿੰਘ, ਸੱਤਪਾਲ ਸ਼ਰਮਾ ਤੇ ਅਮਰੀਕ ਸਿੰਘ ਨੰੂ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅਖੀਰ 'ਤੇ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਨੇ ਸਭਨਾਂ ਪੈਨਸ਼ਨਰਾਂ ਦਾ ਧੰਨਵਾਦ ਕਰਦੇ ਹੋਏ ਤੰਦਰੁਸਤ ਤੇ ਖ਼ੁਸ਼ ਰਹਿਣ ਅਤੇ ਆਪਣੇ ਹੱਕਾਂ ਲਈ ਇੱਕਜੁੱਟ ਰਹਿਣ ਦੀ ਅਪੀਲ ਕੀਤੀ |