ਸੁਨਾਮ ਊਧਮ ਸਿੰਘ ਵਾਲਾ, 19 ਦਸੰਬਰ (ਭੁੱਲਰ, ਧਾਲੀਵਾਲ) - ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ ਗਈ ਮੁਹਿੰਮ ਦੌਰਾਨ ਉਪ ਮੰਡਲ ਪੁਲਿਸ ਵਲੋਂ 5 ਚੋਰੀ ਦੇ ਮੋਟਰਸਾਈਕਲਾਂ ਸਮੇਤ ਕਰੀਬ ਡੇਢ ਲੱਖ ਰੁਪਏ ਦਾ ਸਮਾਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਡੀ.ਐੱਸ.ਪੀ. ਸੁਨਾਮ ਊਧਮ ਸਿੰਘ ਵਾਲਾ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸਬਡਵੀਜ਼ਨ ਸੁਨਾਮ ਦੇ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ, ਲੌਂਗੋਵਾਲ ਅਤੇ ਚੀਮਾ ਦੇ ਇਲਾਕੇ 'ਚ ਨਸ਼ਾ ਤਸਕਰਾਂ ਵਿਰੁੱਧ 11 ਦਸੰਬਰ ਤੋਂ 17 ਦਸੰਬਰ 2025 ਤੱਕ 2 ਮਾਮਲੇ ਐਨ.ਡੀ.ਪੀ.ਐੱਸ ਐਕਟ ਤਹਿਤ ਦਰਜ ਕਰ ਕੇ 2 ਦੋਸੀਆਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿੰਨਾਂ ਕੋਲੋਂ 25 ਨਸ਼ੀਲੀਆਂ ਗੋਲੀਆਂ, 3 ਚੋਰੀ ਦੇ ਮਾਮਲਿਆਂ ਵਿਚ 7 ਦੋਸੀਆਨ ਨੂੰ ਗਿ੍ਫ਼ਤਾਰ ਕਰ ਕੇ 5 ਮੋਟਰਸਾਈਕਲ ਸਮੇਤ ਕਰੀਬ ਡੇਢ ਲੱਖ ਰੁਪਏ ਦਾ ਸਮਾਨ ਬਰਾਮਦ ਕੀਤਾ ਗਿਆ | ਹੁਣ ਤੱਕ 7 ਵਿਅਕਤੀਆਂ ਨੂੰ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਡੀ-ਐਡੀਕੇਸ਼ਨ ਸੈਂਟਰ ਵਿਚ ਰਜਿਸਟਰੇਸ਼ਨ ਕਰਵਾ ਕੇ ਦਵਾਈ ਦਿਵਾਈ ਗਈ ਹੈ | ਇਸੇ ਤਰ੍ਹਾਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 149 ਵਾਹਨਾਂ ਦੇ ਵੱਖ-2 ਜੁਰਮਾਂ ਤਹਿਤ ਟਰੈਫ਼ਿਕ ਚਲਾਨ ਕੀਤੇ ਗਏ ਹਨ |