ਸੰਗਰੂਰ, 21 ਦਸੰਬਰ (ਧੀਰਜ ਪਸ਼ੌਰੀਆ)-ਪਿਛਲੇ ਦਿਨੀਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਨੌਕਰੀ ਲੈਣ ਲਈ ਨਿਯੁਕਤੀ ਪੱਤਰ ਵੰਡ ਪ੍ਰੋਗਰਾਮ ਵਿਚ ਮੁਸਲਿਮ ਭਾਈਚਾਰੇ ਦੀ ਲੜਕੀ ਨੂੰ ਮੂੰਹ ਨੰਗਾ ਕਰਨ ਦੇ ਬਹਾਨੇ ਉਸ ਦੇ ਹਿਜ਼ਾਬ ਨੂੰ ਉਤਾਰਨ ਦੀ ਸੰਗਰੂਰ ਦੇ ਮੁਸਲਿਮ ਭਾਈਚਾਰੇ ਨੇ ਜ਼ੋਰਦਾਰ ਨਿੰਦਾ ਕੀਤੀ ਹੈ | ਮਦੀਨਾ ਮਸਜਿਦ ਸੰਗਰੂਰ ਦੇ ਪ੍ਰਧਾਨ ਸਫੀ ਮੁਹੰਮਦ ਨੇ ਇਸ ਨੂੰ ਅਤਿ ਨਿੰਦਣਯੋਗ ਦੱਸਦਿਆਂ ਕਿਹਾ ਹੈ ਕਿ ਇਹ ਘੱਟ ਗਿਣਤੀਆਂ ਦੀ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨਾ ਹੈ | ਉਨ੍ਹਾਂ ਕਿਹਾ ਕਿ ਨਿਯੁਕਤੀ ਪੱਤਰ ਲੈਣ ਆਈ ਮੁਸਲਿਮ ਲੜਕੀ ਦਾ ਹਿਜ਼ਾਬ ਲਾਹੁਣਾ ਅਤਿ ਨਿੰਦਣਯੋਗ ਹੈ | ਕਿਸੇ ਵੀ ਧਰਮ ਦੇ ਪਹਿਰਾਵੇ ਨੂੰ ਹੱਥ ਲਗਾਉਣਾ ਜਾਂ ਉਤਾਰਨਾ ਉਸ ਦੇ ਧਰਮ ਦੀ ਬੇਅਦਬੀ ਕਰਨਾ ਹੈ | ਨਿਤੀਸ਼ ਕੁਮਾਰ ਦੇ ਇਸ ਕਾਰੇ ਨਾਲ ਉਸ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਉਜਾਗਰ ਹੁੰਦੀ ਹੈ | ਇਸ ਕਾਰੇ ਦੀ ਪੋ੍ਰੜ੍ਹਤਾ ਕਰਨ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਲੋਂ ਇਸ ਨੂੰ ਸਹੀ ਠਹਿਰਾਉਣ ਵਿਚ ਵੀ ਘੱਟ ਗਿਣਤੀਆਂ ਪ੍ਰਤੀ ਫ਼ਿਰਕੂ ਜ਼ਹਿਰ ਦੀ ਉਜਾਗਰਤਾ ਹੀ ਹੁੰਦੀ ਹੈ | ਨਿਯੁਕਤੀ ਪੱਤਰ ਵਿਭਾਗੀ ਪ੍ਰਕਿਰਿਆ ਰਾਹੀਂ ਜਾਰੀ ਹੁੰਦੇ ਸਨ ਤੇ ਹੋਣ ਚਾਹੀਦੇ ਹਨ | ਇਹ ਸਰਕਾਰਾਂ ਦਾ ਇਸ ਤਰ੍ਹਾਂ ਨਿਯੁਕਤੀ ਪੱਤਰ ਦੇ ਕੇ ਸਰਕਾਰ ਦੀ ਮਸ਼ਹੂਰੀ ਕਰਨ ਲੱਗੀਆਂ ਹੋਈਆਂ ਹਨ, ਜੋ ਸਰਾਸਰ ਗ਼ਲਤ ਹੈ | ਹੁਣ ਮੁਲਕ ਵਿਚ ਜੋ ਮਾੜਾ ਮੋਟਾ ਲੋਕਤੰਤਰ ਦਾ ਅੰਸ ਬਚਿਆ ਸੀ ਉਹ ਵੀ ਖ਼ਤਮ ਹੁੰਦਾ ਜਾ ਰਿਹਾ | ਇਨ੍ਹਾਂ ਵਿਚਾਰਾਂ ਦੀ ਮੁਹੰਮਦ ਨਦੀਮ, ਮੁਹੰਮਦ ਹਲੀਮ, ਅਬਦੁਲ ਵਾਹੀਦ, ਮੁਹੰਮਦ ਰਫੀਕ, ਅਬਦੁਲ ਸ਼ਕੂਰ, ਮੁਹੰਮਦ ਗਾਫੂਰ ਅਤੇ ਹੋਰਨਾਂ ਨੇ ਪੋ੍ਰੜ੍ਹਤਾ ਕੀਤੀ ਹੈ |