ਲੌਂਗੋਵਾਲ, 22 ਦਸੰਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਸਲਾਇਟ ਯੂਨੀਵਰਸਿਟੀ ਲੌਂਗੋਵਾਲ ਦੇ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਨੇ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਹੈ ਕਿ 31 ਜਨਵਰੀ 2026 ਨੂੰ 28ਵਾਂ ਸਾਲਾਨਾ ਡਿਗਰੀ ਵੰਡ ਸਮਾਰੋਹ (ਕਨਵੋਕੇਸ਼ਨ) ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਮੁੱਖ ਮਹਿਮਾਨ ਵਜੋਂ ਆਈ.ਆਈ.ਟੀ. ਜੋਧਪੁਰ ਦੇ ਡਾਇਰੈਕਟਰ ਪ੍ਰੋ. ਅਵਿਨਾਸ਼ ਅਗਰਵਾਲ ਅਤੇ ਵਿਸ਼ੇਸ਼ ਮਹਿਮਾਨਾਂ ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਅਹੂਜਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜ ਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ 31 ਜਨਵਰੀ ਤੋਂ 1 ਫਰਵਰੀ 2026 ਤੱਕ ਸਲਾਈਟ ਦੇ ਪੁਰਾਣੇ ਵਿਦਿਆਰਥੀਆਂ ਦੀ ਅੰਤਰਰਾਸ਼ਟਰੀ ਪੱਧਰ ਦੀ ਐਲੁਮਨਾਈ ਮੀਟ ਕਰਵਾਈ ਜਾ ਰਹੀ ਹੈ | ਜਿਸ ਵਿਚ ਸਮੁੱਚੇ ਭਾਰਤ ਭਰ ਤੋਂ ਇਲਾਵਾ ਕੈਨੇਡਾ ਸਮੇਤ ਹੋਰਨਾਂ ਦੇਸ਼ਾਂ ਤੋਂ ਸਾਬਕਾ ਵਿਦਿਆਰਥੀ ਪਹੁੰਚ ਰਹੇ ਹਨ | 2000 ਬੈਚ ਦਾ ਸਿਲਵਰ ਜੁਬਲੀ ਸਮਾਰੋਹ ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਨ ਹੋਵੇਗਾ ਅਤੇ ਇਸ ਪ੍ਰੋਗਰਾਮ ਵਿਚ 1991 ਬੈਚ ਤੋਂ 2024 ਬੈਚ ਤੱਕ ਦੇ ਸਾਰੇ ਸਾਬਕਾ ਵਿਦਿਆਰਥੀ ਸ਼ਾਮਲ ਹੋਣਗੇ | ਪਲੇਸਮੈਂਟ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਵਰਤਮਾਨ ਵਿਚ 2025-26 ਬੈਚ ਦਾ ਪਲੇਸਮੈਂਟ 55% ਪੂਰਾ ਹੋ ਚੁੱਕਾ ਹੈ, ਜਿਸ ਵਿਚ ਬੀ. ਟੈਕ. ਦੇ 320 ਵਿਦਿਆਰਥੀ ਰੋਜ਼ਗਾਰ ਲਈ ਚੁਣੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ 6 ਮਹੀਨਿਆਂ ਵਿਚ 100% ਪਲੇਸਮੈਂਟ ਦਾ ਮਹੱਤਵਪੂਰਨ ਟੀਚਾ ਹਾਸਲ ਕੀਤਾ ਜਾਵੇਗਾ | ਇਸ ਦੌਰਾਨ ਅÏਸਤ ਪੈਕੇਜ 4-5 ਲੱਖ ਰੁਪਏ ਸਾਲਾਨਾ ਅਤੇ ਸਭ ਤੋਂ ਉੱਚਾ 15-20 ਲੱਖ ਰੁਪਏ ਸਾਲਾਨਾ ਰਿਹਾ ਹੈ | 4-5 ਫਰਵਰੀ ਨੂੰ ਉੱਨਤ ਭਾਰਤ ਅਭਿਆਨ ਦੇ ਤਹਿਤ ਨੇੜਲੇ ਪਿੰਡਾਂ ਦੇ ਕਿਸਾਨਾਂ ਨਾਲ ਉੱਨਤ ਖੇਤੀ ਪ੍ਰੋਗਰਾਮ ਕੀਤਾ ਜਾਵੇਗਾ ਜੋ ਪਰੰਪਰਾਗਤ ਅਤੇ ਜੈਵਿਕ ਖੇਤੀ ਪ੍ਰਕਿਰਿਆਵਾਂ ਦੇ ਪ੍ਰਚਾਰ-ਪ੍ਰਸਾਰ 'ਤੇ ਕੇਂਦਰਿਤ ਹੋਵੇਗਾ | ਇਸ ਤੋਂ ਇਲਾਵਾ ਪਾਲੀਟੈਕਨਿਕ ਸਿੱਖਿਆ ਵਿਚ ਨਵੀਨਤਾ ਵਿਸ਼ੇ 'ਤੇ ਰਾਸ਼ਟਰ ਪੱਧਰੀ ਵਰਕਸ਼ਾਪ ਵੀ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਸਲਾਇਟ ਪਰਿਵਾਰ ਦੇ ਸਮੂਹਿਕ ਯਤਨਾਂ ਨਾਲ ਸਲਾਈਟ ਇੱਕ ਵਧੀਆ ਮੁਕਾਮ ਹਾਸਲ ਕਰਨ ਦੀ ਦਿਸ਼ਾ ਵਿਚ ਲਗਾਤਾਰ ਅੱਗੇ ਵੱਧ ਰਿਹਾ ਹੈ |