ਸੰਗਰੂਰ, 23 ਦਸੰਬਰ (ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਸੰਗਰੂਰ ਵਿਚ ਐੱਸਪੀਰੇਸ਼ਨਲ ਬਲਾਕ ਧੂਰੀ ਦੇ ਸਮੁੱਚੇ ਅਤੇ ਤੇਜ਼-ਰਫ਼ਤਾਰ ਵਿਕਾਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਕਵਾਇਦ ਤਹਿਤ ਅੱਜ ਪ੍ਰਮੋਸ਼ਨ ਆਫ਼ ਇੰਡਸਟਰੀ ਐਂਡ ਇੰਟਰਨਲ ਟਰੇਡ ਵਿਭਾਗ, ਵਣਜ ਤੇ ਸਨਅਤ ਮੰਤਰਾਲਾ, ਭਾਰਤ ਸਰਕਾਰ ਦੇ ਡਾਇਰੈਕਟਰ, ਸ਼੍ਰੀ ਸੁਮੀਤ ਜਾਰੰਗਲ ਵੱਲੋਂ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੰਗਰੂਰ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਡਾਇਰੈਕਟਰ ਸ਼੍ਰੀ ਸੁਮੀਤ ਜਾਰੰਗਲ ਨੇ ਕਿਹਾ ਕਿ ਸਰਕਾਰ ਵੱਲੋਂ ਦੇਸ਼ ਦੇ ਵੱਖ-ਵੱਖ ਖੇਤਰਾਂ ਨੂੰ ਤਰੱਕੀ ਦੇ ਮੁੱਖ ਧੁਰੇ ਨਾਲ ਜੋੜਨ ਲਈ ਐੱਸਪੀਰੇਸ਼ਨਲ ਬਲਾਕ ਮਿਸ਼ਨ ਨੂੰ ਇੱਕ ਮਹੱਤਵਪੂਰਨ ਸੁਧਾਰਾਤਮਕ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ | ਇਸ ਤਹਿਤ ਧੂਰੀ ਬਲਾਕ ਨੂੰ ਮਾਡਲ ਬਲਾਕ ਵਜੋਂ ਤਿਆਰ ਕਰਨ ਦੀ ਯੋਜਨਾ ਹੈ, ਜਿੱਥੇ ਲੋਕ-ਕੇਂਦਰਤ ਸੇਵਾਵਾਂ ਦੀ ਪਹੁੰਚ ਅਤੇ ਗੁਣਵੱਤਾ ਵਿਚ ਵਿਆਪਕ ਸੁਧਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਸਿੱਖਿਆ, ਸਿਹਤ, ਪੋਸ਼ਣ, ਪੀਣ ਯੋਗ ਪਾਣੀ, ਸਫ਼ਾਈ, ਰੋਜ਼ਗਾਰ, ਖੇਤੀਬਾੜੀ, ਢਾਂਚਾਗਤ ਵਿਕਾਸ, ਡਿਜੀਟਲ ਸੇਵਾਵਾਂ ਅਤੇ ਸਮਾਜਿਕ ਭਲਾਈ ਖੇਤਰਾਂ ਵਿਚ ਢਾਂਚੇ ਅਤੇ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕਣ 'ਤੇ ਹੈ | ਡਾਇਰੈਕਟਰ ਸ਼੍ਰੀ ਜਾਰੰਗਲ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਰ ਖੇਤਰ ਵਿਚ ਨਿਸ਼ਚਿਤ ਟੀਚਿਆਂ ਅਨੁਸਾਰ ਪ੍ਰਗਤੀ ਯਕੀਨੀ ਬਣਾਈ ਜਾਵੇ | ਮੀਟਿੰਗ ਤੋਂ ਪਹਿਲਾਂ ਸ਼੍ਰੀ ਜਾਰੰਗਲ ਨੇ ਫ਼ੀਲਡ ਵਿਚ ਜਾ ਕੇ ਵੱਖ ਵੱਖ ਸਕੀਮਾਂ ਦਾ ਜਾਇਜ਼ਾ ਵੀ ਲਿਆ | ਡਿਪਟੀ ਕਮਿਸ਼ਨਰ ਸੰਗਰੂਰ, ਸ਼੍ਰੀ ਰਾਹੁਲ ਚਾਬਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਪ੍ਰਮੁੱਖ ਪਹਿਲਕਦਮੀਆਂ, ਖ਼ਾਸ ਕਰ ਕੇ ਧੂਰੀ ਵਿਚ ਚੱਲ ਰਹੇ ਐੱਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੇ ਟੀਚਿਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ | ਡਿਪਟੀ ਕਮਿਸ਼ਨਰ ਨੇ ਯਕੀਨ ਦਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐੱਸਪੀਰੇਸ਼ਨਲ ਬਲਾਕ ਧੂਰੀ ਦੇ ਵਿਕਾਸ ਲਈ ਵਿਸ਼ੇਸ਼ ਤਰਜੀਹ ਨਾਲ ਕੰਮ ਕੀਤਾ ਜਾ ਰਿਹਾ ਹੈ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸੁਖਚੈਨ ਸਿੰਘ ਵੀ ਮੀਟਿੰਗ ਦੌਰਾਨ ਹਾਜ਼ਰ ਸਨ ਅਤੇ ਉਨ੍ਹਾਂ ਨੇ ਬਲਾਕ ਪੱਧਰ 'ਤੇ ਚੱਲ ਰਹੇ ਕਈ ਮਹੱਤਵਪੂਰਨ ਵਿਕਾਸ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀ ਹਾਜ਼ਰ ਸਨ |