ਸੰਗਰੂਰ, 23 ਦਸੰਬਰ (ਅਮਨਦੀਪ ਸਿੰਘ ਬਿੱਟਾ) - ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵਲੋਂ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕਰਵਾਉਣ, ਉਮਰ ਹੱਦ ਛੋਟ ਲੈਣ, ਮਾਸਟਰ ਕੇਡਰ ਵਿਚ ਥੋਪੀ ਬੇਤੁਕੀ ਸ਼ਰਤ 55 ਫ਼ੀਸਦੀ ਲਾਜ਼ਮੀ ਅੰਕਾਂ ਨੂੰ ਰੱਦ ਕਰਵਾਉਣ ਅਤੇ ਆਰਟ ਐਂਡ ਕਰਾਫ਼ਟ ਦੀ ਲਿਖਤੀ ਪ੍ਰੀਖਿਆ ਕਰਵਾਉਣ ਦੀ ਮੰਗ ਨੂੰ ਲੈ ਕੇ 25 ਦਸੰਬਰ ਤੋਂ ਸਥਾਨਕ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾ ਰਿਹਾ ਹੈ | ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿਲਵਾਂ ਨੇ ਦੱਸਿਆ ਕਿ ਇਸ ਮੋਰਚੇ ਦੀ ਸਫ਼ਲਤਾ ਲਈ ਪਿੰਡੋਂ-ਪਿੰਡ ਬੇਰੁਜ਼ਗਾਰਾਂ ਦੀਆਂ ਮੰਗਾਂ ਪਹੁੰਚਾਉਣ ਦੇ ਲਈ ਬੇਰੁਜ਼ਗਾਰਾਂ ਵਲੋਂ ਪਿੰਡਾਂ ਅੰਦਰ ਨਾਅਰੇ ਲਿਖਣ ਅਤੇ ਸੂਚਨਾਵਾਂ ਬੋਲਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸੇ ਤਹਿਤ ਹੀ ਜ਼ਿਲੇ੍ਹ ਦੇ ਵੱਖ-ਵੱਖ ਪਿੰਡਾਂ ਵਿਚ ਵੱਖੋ-ਵੱਖ ਧਾਰਮਿਕ ਅਤੇ ਸਾਂਝੀਆਂ ਥਾਵਾਂ ਤੋਂ ਪਿੰਡਾਂ ਦੇ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ 25 ਦਸੰਬਰ ਦੇ ਪੱਕੇ ਮੋਰਚੇ ਵਿਚ ਪਹੁੰਚਣ ਲਈ ਅਤੇ ਭਰਾਤਰੀ ਜਥੇਬੰਦੀਆਂ, ਜਨਤਕ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਸੂਚਨਾਵਾਂ ਬੁਲਾਉਣ ਦਾ ਦੌਰ ਸ਼ੁਰੂ ਕੀਤਾ ਗਿਆ ਹੈ | ਜਿਸ ਤਹਿਤ ਜ਼ਿਲ੍ਹੇ ਦੇ ਪਿੰਡ ਖੋਖਰ ਕਲਾਂ, ਖੋਖਰ ਖ਼ੁਰਦ, ਗੋਬਿੰਦਗੜ੍ਹ ਖੋਖਰ, ਬੱਲਰਾਂ, ਚੋਟੀਆਂ, ਕੋਟੜਾ, ਲੇਹਲ ਕਲਾਂ, ਉਗਰਾਹਾਂ, ਬਖਸ਼ੀਵਾਲਾ, ਨੀਲੋਵਾਲ, ਮੋਜੋਵਾਲ, ਮੈਦੇਵਾਸ, ਚੰਗਾਲੀਵਾਲਾ, ਆਲਮਪੁਰ, ਅਲੀਸ਼ੇਰ ਖ਼ੁਰਦ, ਅਲੀਸ਼ੇਰ ਕਲਾਂ, ਚੂੜਲ ਕਲਾਂ, ਬਖੋਰਾ ਖ਼ੁਰਦ, ਬਖੋਰਾ ਕਲਾਂ, ਗੋਬਿੰਦਪੁਰਾ, ਜਵਾਹਰਵਾਲਾ ਕਲਾਂ, ਰਾਮਪੁਰਾ ਵਿਚ ਸੂਚਨਾਵਾਂ ਬੋਲੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਪਿੰਡਾਂ ਵਿਚ ਦੌਰ ਜਾਰੀ ਹੈ | ਇਸੇ ਤਰ੍ਹਾਂ ਹੀ ਇਸੇ ਲੋਕ ਸਭਾ ਹਲਕਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਜਿਵੇਂ ਢਿੱਲਵਾਂ, ਘੁੰਨਸ, ਤਪਾ ਮੰਡੀ ਅਤੇ ਜਗਜੀਤ ਪੁਰਾ ਆਦਿ ਏਰੀਏ ਵਿਚ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿਲਵਾਂ ਦੀ ਅਗਵਾਈ ਵਿਚ ਨਾਅਰੇ ਲਿਖੇ ਜਾ ਚੁੱਕੇ ਹਨ | ਦੂਜੇ ਪਾਸੇ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਖੇਤਰਾਂ ਵਿਚ ਨਾਅਰੇ ਲਿਖਣ ਦੀ ਮੁਹਿੰਮ ਤੇਜ਼ ਕੀਤੀ ਗਈ ਹੈ | ਬੇਰੁਜ਼ਗਾਰ ਮੋਰਚੇ ਦੇ ਆਗੂਆਂ ਰਮਨ ਕੁਮਾਰ ਮਲੋਟ, ਅਮਨ ਸੇਖਾ ਹਰਜਿੰਦਰ ਝੁਨੀਰ, ਹਰਜਿੰਦਰ ਬੁਢਲਾਡਾ, ਸੰਦੀਪ ਮੋਫ਼ਰ, ਹਰਨੰਦ ਤਰਨਤਾਰਨ, ਗੁਰਪ੍ਰੀਤ ਸਿੰਘ ਪੱਕਾ ਕਲਾਂ, ਜਸਪਾਲ ਸਿੰਘ ਲਹਿਰਾ ਗਾਗਾ, ਮੱਖਣ ਸਿੰਘ ਤੋਗਾਵਾਲ, ਸੁਖਪਾਲ ਖਾਨ, ਮੁਨੀਸ਼ ਕੁਮਾਰ, ਗੁਰਵੀਰ ਸਿੰਘ ਗੇਵੀ ਅਤੇ ਅਮਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਪੌਣੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਸਿੱਖਿਆ ਵਿਭਾਗ ਵਿਚ ਇੱਕ ਵੀ ਅਸਾਮੀ ਉੱਤੇ ਭਰਤੀ ਨਹੀਂ ਕੀਤੀ ਅਤੇ ਨਾ ਹੀ ਮੁੱਖ ਮੰਤਰੀ ਵਲੋਂ ਅਨੇਕਾਂ ਵਾਰ ਕੀਤੇ ਜਨਤਕ ਐਲਾਨਾਂ ਦੇ ਬਾਵਜੂਦ ਉਮਰ ਹੱਦ ਛੋਟ ਦੇਣ ਦਾ ਵਾਅਦਾ ਪੂਰਾ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਅਨੇਕਾਂ ਵਾਰ ਸਥਾਨਕ ਮੁੱਖ ਮੰਤਰੀ ਦੀ ਕੋਠੀ ਅੱਗੇ ਆ ਕੇ ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਦੀ ਕੋਠੀ ਅੱਗੇ ਜਾ ਕੇ ਆਪਣੀਆਂ ਮੰਗਾਂ ਸਬੰਧੀ ਦੱਸ ਚੁੱਕੇ ਹਨ | ਪ੍ਰੰਤੂ ਹਰੇਕ ਵਾਰ ਮੀਟਿੰਗ ਦਾ ਲਾਰਾ ਦੇ ਕੇ ਬੇਰੁਜ਼ਗਾਰਾਂ ਦੀ ਮੰਗ ਨੂੰ ਦਰ ਕਿਨਾਰ ਕੀਤਾ ਹੈ | ਉਹ ਆਪਣੀਆਂ ਮੰਗਾਂ ਮਨਵਾਉਣ ਦੇ ਲਈ 25 ਦਸੰਬਰ ਤੋਂ ਪੱਕੇ ਤੌਰ ਤੇ ਸਥਾਨਕ ਮੁੱਖ ਮੰਤਰੀ ਦੀ ਕੋਠੀ ਅੱਗੇ ਬੈਠਣਗੇ | ਉਨ੍ਹਾਂ ਆਮ ਆਦਮੀ ਪਾਰਟੀ ਉੱਤੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ ਕਰਦੇ ਦੋਸ਼ ਲਾਏ |