ਸੁਨਾਮ ਊਧਮ ਸਿੰਘ ਵਾਲਾ, 24 ਦਸੰਬਰ (ਧਾਲੀਵਾਲ, ਭੁੱਲਰ) - ਕਲਕੱਤਾ ਵਿਖੇ ਹੋਏ ਆਈ.ਐਸ.ਸੀ.ਐਲ. ਕ੍ਰਿਕਟ ਦੇ ਫਾਈਨਲ ਮੈਚ 'ਚ ਪੰਜਾਬ ਅਤੇ ਉੱਤਰਾਖੰਡ ਦੀਆਂ ਟੀਮਾਂ ਵਿਚਕਾਰ ਖੇਡੇ ਗਏ, ਰੋਮਾਂਚਕ ਮੁਕਾਬਲੇ ਵਿਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉੱਤਰਾਖੰਡ ਟੀਮ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ | ਉੱਤਰਾਖੰਡ ਟੀਮ ਨੇ ਚੰਗੀ ਸ਼ੁਰੂਆਤ ਕੀਤੀ, ਪਰ ਪੰਜਾਬ ਦੇ ਗੇਂਦਬਾਜ਼ਾਂ ਦੀ ਗੇਂਦਬਾਜ਼ੀ ਅੱਗੇ ਉਹ ਟੀਚਾ ਹਾਸਿਲ ਨਾਂ ਕਰ ਸਕੀ | ਜ਼ਿਕਰਯੋਗ ਹੈ ਕਿ ਇਨ੍ਹਾਂ ਗੇਂਦਬਾਜ਼ਾਂ ਵਿਚ ਐਸ.ਯੂ.ਐਸ. ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਚੌਂਕ ਦਾ ਵਿਦਿਆਰਥੀ ਦਲਜੀਤ ਸਿੰਘ ਵੀ ਪੰਜਾਬ ਦੀ ਟੀਮ ਵਿਚ ਸ਼ਾਮਿਲ ਸੀ, ਜਿਸ ਨੇ ਬਹੁਤ ਵਧੀਆ ਢੰਗ ਨਾਲ ਬੱਲੇਬਾਜ਼ੀ ਕੀਤੀ ਅਤੇ ਅੰਤ ਵਿਚ ਜਿੱਤ ਦਾ ਖ਼ਿਤਾਬ ਪੰਜਾਬ ਟੀਮ ਦੇ ਨਾਂਅ ਕੀਤਾ | ਜਿੱਤ ਤੋਂ ਬਾਅਦ ਖਿਡਾਰੀਆਂ ਅਤੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਇਸ ਦੇ ਨਾਲ ਹੀ ਸਕੂਲ, ਮੈਨੇਜਮੈਂਟ ਵਲੋਂ ਵਿਦਿਆਰਥੀ ਦੇ ਵਧੀਆ ਪ੍ਰਦਰਸ਼ਨ ਲਈ ਉਸ ਨੂੰ ਮੁਬਾਰਕਬਾਦ ਦਿੱਤੀ |