ਧੂਰੀ, 25 ਦਸੰਬਰ (ਸੰਜੇ ਲਹਿਰੀ)-ਨੇੜਲੇ ਪਿੰਡ ਸਲੇਮਪੁਰ ਦੇ ਰਹਿਣ ਵਾਲੇ ਜਰਨੈਲ ਸਿੰਘ ਦੀ ਛੇ ਸਾਲਾ ਮਾਸੂਮ ਬੱਚੀ ਅਮਨਜੋਤ ਕੌਰ ਅੱਜ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖਮੀ ਹੋ ਗਈ | ਬੱਚੀ ਅਮਨਜੋਤ ਕੌਰ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਧੂਰੀ ਵਿਖੇ ਲਿਆਂਦਾ ਗਿਆ ਜਿੱਥੇ ਬੱਚੀ ਦੇ ਗਲ ਉੱਪਰ ਡਾਕਟਰਾਂ ਦੀ ਟੀਮ ਵਲੋਂ ਨੌਂ ਟਾਂਕੇ ਲਗਾ ਕੇ ਜ਼ਖਮੀ ਬੱਚੀ ਦਾ ਇਲਾਜ ਕੀਤਾ ਗਿਆ | ਇਸ ਮੌਕੇ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਾਂ ਅਮਨਜੋਤ ਕੌਰ ਦੇ ਪਿਤਾ ਜਰਨੈਲ ਸਿੰਘ ਵਾਸੀ ਸਲੇਮਪੁਰ ਨੇ ਦੱਸਿਆ ਕਿ ਉਹ ਆਪਣੀ ਬੱਚੀ ਅਮਨਜੋਤ ਕੌਰ ਨਾਲ ਸਲੇਮਪੁਰ ਤੋਂ ਰਾਜੋਮਾਜਰੇ ਵੱਲ ਆ ਰਿਹਾ ਸੀ ਅਤੇ ਪਿੰਡ ਰਾਜੋਮਾਜਰੇ ਨੇੜੇ ਉਸ ਦੀ ਬੱਚੀ ਚਾਈਨਾ ਡੋਰ ਦੀ ਲਪੇਟ ਵਿਚ ਆ ਗਈ ਅਤੇ ਸਰਦੀ ਦੇ ਮੌਸਮ ਦੇ ਚੱਲਦਿਆਂ ਉਸ ਦੇ ਸਿਰ ਉੱਪਰ ਲਈ ਹੋਈ ਟੋਪੀ ਕਾਰਣ ਉਸ ਦੀ ਬੱਚੀ ਕਿਸੇ ਵੱਡੀ ਅਣਸੁਖਾਂਵੀ ਘਟਨਾ ਦਾ ਸ਼ਿਕਾਰ ਹੋਣ ਤੋਂ ਬਚ ਗਈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਨੂੰ ਕਿਸੇ ਕੀਮਤ ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ | ਜ਼ਿਕਰਯੋਗ ਹੈ ਕਿ ਚਾਈਨਾ ਡੋਰ ਉੱਪਰ ਪਾਬੰਦੀ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਪਤੰਗਬਾਜ਼ੀ ਦੇ ਸ਼ੌਕੀਨਾਂ ਵਲੋਂ ਬੇਖ਼ੌਫ ਹੋਕੇ ਚਾਈਨਾ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ | ਜਿਸ ਨਾਲ ਬਸੰਤ ਦੇ ਦਿਨਾਂ ਵਿਚ ਹਜ਼ਾਰਾਂ ਬੇਜ਼ਬਾਨ ਪਸ਼ੂ ਪਰਿੰਦਿਆਂ ਦੇ ਨਾਲ ਨਾਲ ਅਨੇਕਾਂ ਰਾਹਗੀਰਾਂ ਨੂੰ ਵੀ ਬੇਕਸੂਰ ਹੁੰਦਿਆਂ ਚਾਈਨਾ ਡੋਰ ਦੇ ਕਹਿਰ ਦਾ ਸ਼ਿਕਾਰ ਹੋਣਾ ਪੈਂਦਾ ਹੈ | ਹੁਣ ਦੇਖਣਾ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਕਿਹੋ ਜਿਹੀ ਕਾਰਵਾਈ ਅਮਲ ਵਿਚ ਲਿਆਉਂਦਾ ਹੈ |