ਸੰਗਰੂਰ, 25 ਦਸੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ ਜੀ.ਐੱਸ.ਟੀ. ਦੇ ਨਾਮ 'ਤੇ ਖੁੱਲ੍ਹੀ ਲੁੱਟ ਹੋ ਰਹੀ ਹੈ | ਵਿੱਤ ਮੰਤਰੀ ਵੱਲੋਂ ਜੀ.ਐੱਸ.ਟੀ. ਮਾਲੀਏ ਵਿਚ 16 ਪ੍ਰਤੀਸ਼ਤ ਵਾਧੇ ਦਾ ਦਾਅਵਾ ਸਿਰਫ਼ ਅੰਕੜਿਆਂ ਦੀ ਹੇਰਾਫੇਰੀ ਹੈ | ਅਰਵਿੰਦ ਖੰਨਾ ਨੇ ਕਿਹਾ ਕਿ ਸਰਕਾਰ ਅਪ੍ਰੈਲ ਤੋਂ ਨਵੰਬਰ ਤੱਕ 17 ਹਜ਼ਾਰ 860 ਕਰੋੜ ਰੁਪਏ ਦੀ ਕਲੈਕਸ਼ਨ ਦਿਖਾ ਕੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ | ਅਸਲੀਅਤ ਇਹ ਹੈ ਕਿ ਵਪਾਰੀਆਂ ਨੂੰ ਜੀ.ਐੱਸ.ਟੀ. ਰਿਫੰਡ ਜਾਣਬੁਝ ਕੇ ਮਹੀਨਿਆਂ ਤੋਂ ਰੋਕਿਆ ਜਾ ਰਿਹਾ ਹੈ ਅਤੇ ਮਈ ਤੋਂ ਲੈ ਕੇ ਅੱਜ ਤੱਕ ਫਾਈਲਾਂ ਧੂੜ ਖਾ ਰਹੀਆਂ ਹਨ ਅਤੇ ਸਰਕਾਰ ਝੂਠਾ ਮਾਲੀਆ ਦਿਖਾ ਕੇ ਆਪਣੀ ਅਸਫਲਤਾ ਨੂੰ ਛੁਪਾ ਰਹੀ ਹੈ | ਉਨ੍ਹਾਂ ਦੇਸ਼ ਲਾਇਆ ਕਿ ਜੀ.ਐੱਸ.ਟੀ. ਵਿਭਾਗ ਨੂੰ ਹਰ ਵਪਾਰੀ ਉੱਤੇ ਚਾਰ-ਚਾਰ ਨਿਰੀਖਣ ਕਰਨ ਅਤੇ ਪ੍ਰਤੀ ਮਹੀਨਾ ਲਗਭਗ 100 ਕਰੋੜ ਰੁਪਏ ਦੀ ਵਸੂਲੀ ਦਾ ਟੀਚਾ ਪ੍ਰਾਪਤ ਕਰਨ ਦਾ ਹੁਕਮ ਦਿੱਤਾ ਗਿਆ ਹੈ | ਅਧਿਕਾਰੀ ਜੁਰਮਾਨੇ ਦੇ ਨਾਮ 'ਤੇ ਧਮਕੀਆਂ ਅਤੇ ਨੋਟਿਸਾਂ ਰਾਹੀਂ ਵਪਾਰੀਆਂ ਨੂੰ ਦਬਾਉਣ ਦੀ ਨੀਤੀ ਅਪਣਾ ਰਹੇ ਹਨ | ਇਸ ਤੋਂ ਸਾਬਤ ਹੁੰਦਾ ਹੈ ਕਿ ਡਰਾ-ਧਮਕਾ ਕੇ ਅਤੇ ਜ਼ਬਰਦਸਤੀ ਕਰ ਕੇ ਪੈਸਾ ਕੱਢਿਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਟੈਕਸ ਸੁਧਾਰ ਨਹੀਂ ਕਿਹਾ ਜਾ ਸਕਦਾ | ਭਾਜਪਾ ਆਗੂ ਨੇ ਕਿਹਾ ਕਿ ਜੇਕਰ ਮਾਲੀਆ ਸੱਚਮੁੱਚ ਵਧ ਰਿਹਾ ਹੈ ਤਾਂ ਫਿਰ ਅਧਿਆਪਕ, ਸਿਹਤ ਕਰਮਚਾਰੀ, ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀ, ਸ਼ਹਿਰੀ ਸੰਸਥਾਵਾਂ ਦੇ ਕਰਮਚਾਰੀ ਅਤੇ ਪੈਨਸ਼ਨਰ ਆਪਣੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਕਿਉਂ ਉਤਰ ਰਹੇ ਹਨ | ਇਹ ਸਾਬਤ ਕਰਦਾ ਹੈ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ ਅਤੇ ਸਰਕਾਰ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ | ਇੱਕ ਪਾਸੇ ਆਮ ਆਦਮੀ ਪਾਰਟੀ 'ਈਜ਼ ਆਫ਼ ਬਿਜ਼ਨਸ ਦੇ ਝੂਠੇ ਦਾਅਵੇ ਕਰ ਰਹੀ ਹੈ, ਜਦੋਂ ਕਿ ਦੂਜੇ ਪਾਸੇ, ਵਪਾਰੀਆਂ ਦੀ ਵਰਕਿੰਗ ਕੈਪੀਟਲ ਜ਼ਬਤ ਕਰ ਕੇ ਉਨ੍ਹਾਂ ਨੂੰ ਕਾਰੋਬਾਰ ਬੰਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ |