ਦਿੜ੍ਹਬਾ ਮੰਡੀ, 29 ਦਸੰਬਰ (ਜਸਵੀਰ ਸਿੰਘ ਅÏਜਲਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਲਾਕ ਦਿੜ੍ਹਬਾ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਨੇ ਮੋਟਰਸਾਈਕਲ ਮਾਰਚ ਕੱਢਿਆ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਨੇ ਦੱਸਿਆ ਕਿ ਝੰਡਾ ਮਾਰਚ ਵਿਚ ਸ਼ਮੂਲੀਅਤ ਕਰ ਕੇ ਬਿਜਲੀ ਬਿੱਲ 2025, ਸੀਡ ਬਿਲ, ਮਨਰੇਗਾ ਬਿੱਲ, ਅਤੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਵਾਉਣਾ, ਸਰਕਾਰੀ ਅਤੇ ਜਨਤਕ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਤੋਂ ਰੋਕਣਾ, 4 ਲੇਬਰ ਕੋਡ ਰੱਦ ਕਰਵਾਉਣਾ ਲਈ ਵੱਡੀ ਜਨਤਕ ਲਾਮਵੰਦੀ ਕਰ ਕੇ ਸੰਘਰਸ਼ ਤੇਜ਼ ਕਰਨ ਦਾ ਮੁੱਢ ਬੰਨਿ੍ਹਆ ਜਿਸ ਤਹਿਤ ਅੱਜ ਦਿੜ੍ਹਬਾ ਮੰਡੀ ਤੋਂ ਇਕੱਠੇ ਹੋ ਕੇ ਮੋਟਰਸਾਈਕਲ ਮਾਰਚ ਦਿੜ੍ਹਬਾ, ਕੈਂਪਰ, ਰੋਗਲਾ, ਕੌਰੀਆਂ, ਛਾਹੜ, ਢੰਡੋਲੀ ਕਲਾਂ, ਸੂਲਰ ਤੋਂ ਘਰਾਟ ਦਾਣਾ ਮੰਡੀ ਤੱਕ ਕੀਤਾ ਗਿਆ | ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 28 ਦਸੰਬਰ ਤੋਂ 4 ਜਨਵਰੀ ਤੱਕ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਵਿਚ ਮੋਟਰਸਾਈਕਲ ਮਾਰਚ, ਟਰੈਕਟਰ ਮਾਰਚ, ਮਿਸਾਲ ਮਾਰਚ ਅਤੇ ਢੋਲ ਮਾਰਚ ਕਰ ਕੇ ਜਨਤਕ ਮੁਹਿੰਮ ਬਣਾਉਣ ਦਾ ਸੱਦਾ ਦਿੱਤਾ ਜਾਵੇਗਾ | ਬੀ.ਕੇ.ਯੂ. ਉਗਰਾਹਾਂ ਦੇ ਜ਼ਿਲ੍ਹਾ ਸੰਗਰੂਰ ਦੇ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾ ਨੇ ਦੱਸਿਆ ਕਿ ਇਨ੍ਹਾਂ ਕਾਨੂੰਨਾਂ ਬਾਰੇ ਲੋਕਾਂ ਨੂੰ ਉਸ ਤਰ੍ਹਾਂ ਹੀ ਜਾਗਰੂਕ ਕੀਤਾ ਜਾਵੇਗਾ ਜਿਵੇਂ 2020 ਵਿਚ ਤਿੰਨ ਖੇਤੀ ਕਾਨੰੂਨਾਂ ਬਾਰੇ ਜਾਗਰੂਕ ਕਰ ਕੇ ਵੱਡੀ ਲੋਕ ਲਹਿਰ ਖੜੀ ਕੀਤੀ ਗਈ ਸੀ ਅਤੇ ਕਿਸੇ ਵੀ ਕੀਮਤ ਤੇ ਇਹ ਕਾਲੇ ਕਾਨੂੰਨ ਲੋਕਾਂ ਉੱਤੇ ਬੀਜੇਪੀ ਦੀ ਸਰਕਾਰ ਵਲੋਂ ਲਾਗੂ ਨਹੀਂ ਹੋਣ ਦਿੱਤੇ ਜਾਣਗੇ | ਮੋਟਰਸਾਈਕਲ ਮਾਰਚ ਵਿਚ ਹਾਜ਼ਰ, ਬੀਕੇਯੂ ਰਾਜੇਵਾਲ ਦੇ ਅਮਰਜੀਤ ਸਿੰਘ, ਠੇਕਾ ਮੁਲਾਜ਼ਮ ਆਗੂ ਭੁਪਿੰਦਰ ਸਿੰਘ, ਪੀ.ਐੱਸ.ਪੀ.ਸੀ. ਐਲ ਜੁਆਇੰਟ ਫੋਰਮ ਦੇ ਗੁਰਧੀਰ ਸਿੰਘ, ਪੀ.ਐੱਸ.ਈ.ਬੀ ਏਟਕ ਵਿਜੇ ਸ਼ਰਮਾ, ਪੈਨਸ਼ਨਰ ਐੱਸੋਸੀਏਸ਼ਨ ਦੇ ਪ੍ਰਧਾਨ ਚੰਦ ਸਿੰਘ ਰੋਗਲਾ, ਈ.ਟੀ.ਟੀ. ਟੈਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਵਰਮਾ, ਟੀ.ਐੱਸ.ਯੂ. ਸਰਵਿਸ ਯੂਨੀਅਨ ਦੇ ਗੁਰਜੰਟ ਸਿੰਘ ਬੀਕੇਯੂ ਉਗਰਾਹਾਂ ਦੇ ਆਗੂ ਭਰਪੂਰ ਸਿੰਘ ਮੌੜ, ਮਿਸ਼ਰਾ ਸਿੰਘ, ਜੋਗਿੰਦਰ ਸਿੰਘ, ਹਰਬੰਸ ਸਿੰਘ, ਜਗਦੀਪ ਸਿੰਘ, ਜਸਵੰਤ ਸਿੰਘ, ਮੇਜਰ ਸਿੰਘ ਮੌਜੂਦ ਸਨ |