ਫ਼ਿਰੋਜ਼ਪੁਰ, 1 ਜੂਨ (ਗੁਰਿੰਦਰ ਸਿੰਘ)- ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਫ਼ਿਰੋਜ਼ਪੁਰ ਵਲੋਂ ਅੱਜ ਭਾਈ ਮਰਦਾਨਾ ਯਾਦਗਾਰੀ ਹਾਲ ਵਿਖੇ ਕਥਾ ਕੀਰਤਨ ਅਤੇ ਬੱਚਿਆਂ ਦੇ ਗੁਰਮਤਿ ਮੁਕਾਬਲੇ ਸੰਬੰਧੀ ਕਰਵਾਏ ਸਮਾਗਮ 'ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਥਾਨਕ ਟੀਮ ਵਿਸ਼ੇਸ਼ ਤੌਰ 'ਤੇ ਪਹੁੰਚੀ | ਇਸ ਮੌਕੇ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਅਤੇ ਉਨ੍ਹਾਂ ਦੀ ਟੀਮ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਜਾਂਦੀਆਂ ਵਡਮੁੱਲੀਆਂ ਸੇਵਾਵਾਂ ਲਈ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਅਤੇ ਬੀਬੀ ਮਨਜੀਤ ਕੌਰ ਖ਼ਾਲਸਾ ਹਨੂਮਾਨਗੜ੍ਹ ਵਾਲਿਆਂ ਵਲੋਂ ਡਾ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਵਲੋਂ ਹਮੇਸ਼ਾ ਹੀ ਭਾਈ ਮਰਦਾਨਾ ਸੁਸਾਇਟੀ ਦੇ ਕਾਰਜਾਂ ਵਿਚ ਅੱਗੇ ਹੋ ਕੇ ਸੇਵਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਕਰਵਾਏ ਜਾਂਦੇ ਗ਼ਰੀਬ ਬੱਚੀਆਂ ਦੇ ਵਿਆਹਾਂ ਸਮੇਂ, ਭਾਈ ਮਰਦਾਨਾ ਜੀ ਦੀਆਂ ਯਾਦਗਾਰੀ ਮੂਰਤੀਆਂ ਸਥਾਪਿਤ ਕਰਵਾਉਣ ਸਮੇਤ ਅਨੇਕਾਂ ਹੀ ਕਾਰਜਾਂ ਵਿਚ ਕੀਤੀ ਮਦਦ ਲਈ ਸੁਸਾਇਟੀ ਡਾ. ਓਬਰਾਏ ਦਾ ਤਹਿ ਦਿਲੋਂ ਧੰਨਵਾਦੀ ਹੈ |