ਅੰਮਿ੍ਤਸਰ/ਸੁਲਤਾਨਵਿੰਡ 3 ਜੂਨ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)-ਫਿਰੋਜ਼ਪੁਰ ਦੇ 2 ਨਾਬਾਲਗ ਮੁੰਡਿਆਂ ਦੀ ਅੰਮਿ੍ਤਸਰ 'ਚ ਪੁਲਿਸ ਮੁਠਭੇੜ ਹੋਣ ਦੀ ਖ਼ਬਰ ਮਿਲੀ ਹੈ, ਜਿਨ੍ਹਾਂ 'ਚੋਂ ਇਕ ਪੁਲਿਸ ਵਲੋਂ ਚਲਾਈ ਗੋਲੀ ਨਾਲ ਜ਼ਖ਼ਮੀਂ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਦੋਂ ਕਿ ਦੂਜੇ ਨੂੰ ਪੁਲਿਸ ਵਲੋਂ ਗਿ੍ਫਤਾਰ ਕਰ ਲਿਆ ਗਿਆ ਹੈ | ਇਨ੍ਹਾਂ ਪਾਸੋਂ ਪੁਲਿਸ ਨੇ 500 ਗ੍ਰਾਮ ਹੈਰੋਇਨ, ਇਕ ਪਿਸਤੌਲ ਤੇ 2 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਹਨ | ਮਿਲੇ ਵੇਰਵਿਆਂ ਅਨੁਸਾਰ ਇਹ ਵਾਕਿਆ ਇਥੇ ਅੱਪਰ ਦੋਆਬ ਨਹਿਰ ਪੁੱਲ ਤਾਰਾਂ ਵਾਲਾ ਜਿਥੇ ਕਿਸੇ ਗੁਪਤ ਸੂਚਨਾ ਦੇ ਆਧਾਰ ਤੇ ਐੱਸਟੀਐੱਫ ਦੀ ਟੀਮ ਵਲੋਂ ਦੋ ਨੌਜਵਾਨਾਂ ਹੈਰੋਇਨ ਅਤੇ ਹਥਿਆਰ ਸਮੇਤ ਕਾਬੂ ਕੀਤਾ ਗਿਆ | ਐੱਸਟੀਐੱਫ ਦੇ ਜਾਂਚ ਅਧਿਕਾਰੀ ਇੰਸ: ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਨਾਲ ਸੰਬੰਧਤ 2 ਨੌਜਵਾਨ ਜੋ ਹੈਰੋਇਨ ਤੇ ਹਥਿਆਰਾਂ ਦੀ ਸਪਲਾਈ ਕਰਦੇ ਹਨ ਅਤੇ ਇਹ ਇਥੇ ਆ ਰਹੇ ਹਨ ਜਦੋਂ ਕਿ ਪੁਲਿਸ ਨੇ ਪੈਦਲ ਜਾ ਰਹੇ 2 ਮੁੰਡਿਆਂ ਨੂੰ ਪੁੱਲ ਤਾਰਾਂ ਵਾਲਾ ਦੇ ਕੋਲ ਰੋਕਣ ਦੀ ਕੋਸ਼ਿਸ ਕੀਤੀ ਤਾਂ ਦੋਨਾਂ ਵਿਚੋਂ ਇਕ ਨੇ ਪੁਲਿਸ ਪਾਰਟੀ 'ਤੇ ਗੋਲੀ ਚਲਾ ਦਿੱਤੀ ਜਿਸ ਉਪਰੰਤ ਪੁਲਿਸ ਪਾਰਟੀ ਵਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਪੁਲਿਸ ਦੀ ਗੋਲੀ ਨਾਲ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ਼ ਲਈ ਅੰਮਿ੍ਤਸਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਕੋਲੋਂ 500 ਗ੍ਰਾਮ ਹੈਰੋਇਨ, ਇਕ ਪਿਸਟਲ 30 ਬੋਰ ਅਤੇ ਦੋ ਜ਼ਿੰਦਾ ਰੌਂਦ ਬਰਾਮਦ ਹੋਏ ਹਨ | ਪੁਲਿਸ ਵਲੋਂ ਇਸ ਸੰਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਫਿਰੋਜ਼ਪੁਰ ਦੇ 2 ਨਾਬਾਲਗ ਮੁੰਡਿਆਂ ਦੀ ਪੁਲਿਸ ਮੁਠਭੇੜ, ਇਕ ਨਾਬਾਲਗ ਜ਼ਖ਼ਮੀ
ਅਜੀਤ ਡੈਸਕ
04-06-2025