ਫ਼ਿਰੋਜ਼ਪੁਰ, 3 ਜੂਨ (ਲਖਵਿੰਦਰ ਸਿੰਘ)-ਫ਼ਰਦ ਕੇਂਦਰ ਦੇ ਸਟਾਫ਼ ਵਲੋਂ ਦੋ ਮਹੀਨੇ ਦੀ ਤਨਖਾਹ ਅਤੇ ਆਪਣੇ ਭਵਿੱਖ ਸੰਬੰਧੀ ਸਰਕਾਰ ਦੁਆਰਾ ਲਗਾਤਾਰ ਹਨੇਰੇ ਵਿਚ ਰੱਖਣ ਅਤੇ ਫ਼ਰਦ ਕੇਂਦਰ ਦੇ ਮੁਲਾਜ਼ਮਾਂ ਪ੍ਰਤੀ ਉਦਾਸਹੀਣ ਰਵਈਏ ਕਰਕੇ ਸਮੂਹ ਫ਼ਰਦ ਕੇਂਦਰ ਪੰਜਾਬ ਤੇ ਆਪ੍ਰੇਟਰਾਂ ਵਲੋਂ ਅਣਮਿਥੇ ਸਮੇਂ ਲਈ ਦਫ਼ਤਰ ਵਿਚ ਰਹਿ ਕੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਚੱਲਦਿਆਂ ਫ਼ਰਦ ਦਾ ਕੰਮ ਪ੍ਰਭਾਵਿਤ ਹੋਇਆ | ਹੜਤਾਲ ਦੌਰਾਨ ਫ਼ਰਦ ਕੇਂਦਰ ਦੇ ਸਟਾਫ਼ ਨੇ ਦੱਸਿਆ ਕਿ ਉਹ ਪਿਛਲੇ 18 ਸਾਲਾਂ ਤੋਂ ਫ਼ਰਦ ਕੇਂਦਰ ਵਿਚ ਆਪਣੀ ਦਫ਼ਤਰੀ ਅਤੇ ਫ਼ੀਲਡ 'ਚ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ ਤੇ ਉਨ੍ਹਾਂ ਵਲੋਂ ਫ਼ਰਦ ਕੇਂਦਰ ਦੇ ਪ੍ਰੋਜੈਕਟ ਨੂੰ ਨੇਪਰੇ ਚੜ੍ਹਾਉਣ ਲਈ ਅਣਥੱਕ ਮਿਹਨਤ ਕੀਤੀ, ਦੂਰ-ਦੁਰਾਡੇ ਪਿੰਡਾਂ ਤੋਂ ਆ ਕੇ ਬਹੁਤ ਘੱਟ ਤਨਖ਼ਾਹਾਂ 'ਤੇ ਦਿਨ-ਰਾਤ ਇਕ ਕਰਕੇ ਸਾਰੇ ਪੰਜਾਬ ਦਾ ਜ਼ਮੀਨੀ ਰਿਕਾਰਡ ਆਨਲਾਈਨ ਕੀਤਾ | ਫ਼ਰਦ ਕੇਂਦਰ ਲਗਭਗ ਸਾਰਾ ਸਟਾਫ਼ ਜੋ ਕਿ ਸ਼ੁਰੂ ਤੋਂ ਜਦੋਂ ਦਾ ਪ੍ਰੋਜੈਕਟ ਸ਼ੁਰੂ ਹੋਇਆ ਹੈ, ਇਸ ਪ੍ਰੋਜੈਕਟ ਦੇ ਨਾਲ ਜੁੜੇ ਹਨ ਅਤੇ ਸਿਰਫ਼ ਇਸ ਆਸ ਵਿਚ ਬੈਠੇ ਹਨ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਕੋਈ ਅਫ਼ਸਰ ਜਾਂ ਸਰਕਾਰ ਸਾਡੀ ਗੱਲ ਸੁਣੇਗੀ ਅਤੇ ਸਾਨੂੰ ਸਾਡੀ ਮਿਹਨਤ ਦਾ ਫਲ ਸਾਨੂੰ ਸਾਡੇ ਚੰਗੇ ਭਵਿੱਖ ਵਜੋਂ ਨਿਵਾਜਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਫ਼ਰਦ ਕੇਂਦਰ ਆਪ੍ਰੇਟਰਾਂ ਨੇ ਹਰ ਸ਼ਨੀਵਾਰ ਤੇ ਐਤਵਾਰ ਛੁੱਟੀ ਵਾਲੇ ਦਿਨ ਵੀ ਲਗਾ ਕੇ ਸਰਕਾਰ ਦੇ ਦਿੱਤੇ ਟਾਰਗੈਟ ਨੂੰ ਸਮੇਂ ਸਿਰ ਪੂਰਾ ਕੀਤਾ | ਕੋਵਿਡ ਮਹਾਂਮਾਰੀ ਦੌਰਾਨ ਫ਼ਰਦ ਕੇਂਦਰ ਆਪ੍ਰੇਟਰਾਂ ਦੀਆਂ ਡਿਊਟੀਆਂ ਫ਼ੀਲਡ ਵਿਚ ਲੱਗੀਆਂ ਸਨ ਅਤੇ ਉਸ ਮਹਾਂਮਾਰੀ ਦੇ ਵਿਚ ਵੀ ਅੱਗੇ ਹੋ ਕੇ ਸਰਕਾਰ ਦੇ ਹੁਕਮਾਂ ਦੀ ਪਾਲਨਾ ਕੀਤੀ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ | ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਸਾਡੀਆਂ ਸੇਵਾਵਾਂ ਖ਼ਤਮ ਕਰਕੇ ਸਰਕਾਰ ਹੁਣ ਉਨ੍ਹਾਂ ਨੂੰ ਘਰ ਭੇਜਣ ਦੀ ਤਿਆਰੀ ਕਰ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ 5 ਮੈਂਬਰੀ ਕਮੇਟੀ ਵਲੋਂ ਹਰਪ੍ਰੀਤ ਸੂਦਨ ਰੈਵੀਨਿਊ ਸੈਕਟਰੀ ਪੰਜਾਬ ਅਤੇ ਅਨੁਰਾਗ ਵਰਮਾ ਅਤੇ ਦੂਸਰੀ ਵਾਰ ਹਰਪ੍ਰੀਤ ਸੂਦਨ ਰੈਵੀਨਿਊ ਸੈਕਟਰੀ ਪੰਜਾਬ ਨੂੰ ਮਿਲਿਆ ਗਿਆ ਸੀ ਅਤੇ ਉਨ੍ਹਾਂ ਨੇ ਜੋ ਵਿਸ਼ਵਾਸ ਦਿਵਾਇਆ ਸੀ, ਉਹ ਝੂਠ ਦਾ ਪੁਲੰਦਾ ਅਤੇ ਇਕ ਲਾਰਾ ਸਾਬਤ ਹੁੰਦਾ ਦਿੱਖ ਰਿਹਾ ਹੈ, ਕਿਉਂਕਿ ਕੰਪਨੀ ਵਲੋਂ ਉਨ੍ਹਾਂ ਨੂੰ ਅਪ੍ਰੈਲ ਤੇ ਮਈ ਮਹੀਨੇ ਦੀ ਤਨਖ਼ਾਹ ਅਜੇ ਤੱਕ ਨਹੀਂ ਦਿੱਤੀ | ਇਸ ਸਬੰਧੀ ਜਦੋਂ ਉਨ੍ਹਾਂ ਆਪਣੇ ਕੰਪਨੀ ਸੀ.ਐਮ.ਐਸ ਕੰਪਿਊਟਰ ਲਿਮਟਿਡ ਦੇ ਅਧਿਕਾਰੀਆਂ ਨੂੰ ਸੈਲਰੀ ਸਬੰਧੀ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ 31 ਅਕਤੂਬਰ 2024 ਤੋਂ ਬਾਅਦ ਸਾਡਾ ਕੰਟਰੈਕਟ ਖ਼ਤਮ ਹੋ ਗਿਆ ਹੈ ਅਤੇ ਸਰਕਾਰ ਦੁਬਾਰਾ ਕੰਟਰੈਕਟ ਦੇ ਵਾਧੇ ਵਿਚ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਸਾਡੀ ਕੋਈ ਪੇਮੈਂਟ ਰਿਲੀਜ਼ ਕੀਤੀ ਗਈ ਹੈ | ਸਟਾਫ਼ ਵਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਫ਼ਰਦ ਕੇਂਦਰ ਨਾਲ ਸੰਬੰਧਿਤ ਕੰਮ ਕਿਸੇ ਹੋਰ ਢੰਗ ਨਾਲ ਚਲਾਉਣਾ ਚਾਹੁੰਦੀ ਹੈ ਤਾਂ ਸਾਨੂੰ ਉਸ ਪ੍ਰੋਜੈਕਟ ਅਧੀਨ ਰੱਖ ਕੇ ਕੰਮ ਕਰਵਾ ਲਿਆ ਜਾਵੇ, ਪ੍ਰੰਤੂ ਫ਼ਰਦ ਕੇਂਦਰ ਦੇ ਲਗਭਗ 900 ਸਟਾਫ਼ ਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ ਅਤੇ ਸਾਡੇ ਤੇ ਸਾਡੇ ਬੱਚੇ ਦੇ ਭਵਿੱਖ ਬਾਰੇ ਸੋਚਿਆ ਜਾਵੇ |