17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸਾਲ 2021 ਦੌਰਾਨ ਖੇਤੀਬਾੜੀ ਸੰਦਾਂ ਦੀ ਖ਼ਰੀਦ 'ਤੇ ਗ੍ਰਾਮ ਪੰਚਾਇਤ 'ਚ ਉਸ ਸਮੇਂ ਦੇ ਸਰਪੰਚ ਵਲੋਂ ਘਪਲਾ

Ad Position 21
No active advertisement
ਅਜੀਤ ਡੈਸਕ 04-06-2025
ਗੁਰੂਹਰਸਹਾਏ, 3 ਜੂਨ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਬਲਾਕ ਅੰਦਰ ਸਾਲ 2021 ਦੌਰਾਨ ਬਹੁਤਾਤ ਗਿਣਤੀ 'ਚ ਪੰਚਾਇਤਾਂ ਨੇ ਖੇਤੀਬਾੜੀ ਦੇ ਵੱਖ-ਵੱਖ ਤਰ੍ਹਾਂ ਦੇ ਸੰਦ ਸਬਸਿਡੀ 'ਤੇ ਖ਼ਰੀਦ ਕੀਤੇ ਸਨ ਤੇ ਇਹਨਾਂ ਖੇਤੀਬਾੜੀ ਸੰਦਾਂ ਨੂੰ ਲੈ ਕੇ ਕਈ ਪੰਚਾਇਤਾਂ ਅੰਦਰ ਰੋਲਾ ਰੱਪਾ ਵੀ ਪਿਆ ਕਿ ਬਹੁਤੇ ਸਰਪੰਚਾਂ ਨੇ ਮਿਲੀਭੁਗਤ ਕਰਦਿਆਂ ਬਾਹਰੋਂ ਬਾਹਰ ਸੰਦ ਵਿਖਾ ਕੇ ਇਕ ਤਰ੍ਹਾਂ ਦਾ ਗ਼ਬਨ ਹੀ ਕੀਤਾ ਸੀ, ਜਿਸ ਦਾ ਹੁਣ ਸ਼ਿਕਾਇਤਾਂ ਤੋਂ ਬਾਅਦ ਮਾਮਲਾ ਗਰਮਾਇਆ ਹੋਇਆ ਹੈ | ਇਸੇ ਤਰ੍ਹਾਂ ਹੀ ਬਲਾਕ ਗੁਰੂਹਰਸਹਾਏ ਦੇ ਅਧੀਨ ਆਉਂਦੀ ਗ੍ਰਾਮ ਪੰਚਾਇਤ ਕੋਹਰ ਸਿੰਘ ਵਾਲਾ ਵਿਖੇ ਵੀ ਸਾਲ 2021 ਦੌਰਾਨ ਉਸ ਵੇਲੇ ਦੇ ਸਰਪੰਚ ਕਾਲਾ ਵਲੋਂ ਵੀ ਖੇਤੀਬਾੜੀ ਦੇ ਸੰਦ ਸਬਸਿਡੀ 'ਤੇ ਖ਼ਰੀਦ ਕੀਤੇ ਗਏ ਸਨ, ਪਰ ਇਹਨਾਂ ਸੰਦਾਂ ਨੂੰ ਪਿੰਡ ਵਿਚ ਸ਼ੋਅ ਹੀ ਨਹੀਂ ਕੀਤਾ ਗਿਆ | ਸਿਰਫ਼ ਕਾਗ਼ਜ਼ੀ ਕਾਰਵਾਈ ਪੂਰੀ ਕਰਕੇ ਘਪਲਾ ਕੀਤਾ ਗਿਆ | ਕਾਲਾ ਸਰਪੰਚ ਵਲੋਂ ਦੋ ਹੈਪੀ ਸੀਡਰ ਅਤੇ ਇਕ ਸੁਪਰ ਸੀਡਰ ਖ਼ਰੀਦ ਕੀਤਾ ਗਿਆ ਸੀ, ਪਰ ਇਹਨਾਂ ਸੰਦਾਂ ਦੀ ਖ਼ਰੀਦ ਕਰਨ 'ਤੇ ਉਕਤ ਸਰਪੰਚ ਵਲੋਂ ਡੀਲਰ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸੰਦਾਂ ਰਾਹੀਂ ਘਪਲਾ ਕੀਤਾ ਗਿਆ | ਇਹਨਾਂ ਸੰਦਾਂ ਨੂੰ ਖ਼ਰੀਦ ਕਰਨ ਲਈ ਪੰਚਾਇਤ ਤੇ ਸਰਪੰਚ ਵਲੋਂ ਬਾਹਰੋਂ-ਬਾਹਰ ਜਾਅਲੀ ਮਤਾ ਪਾਇਆ ਗਿਆ ਤੇ ਇਹਨਾਂ ਸੰਦਾਂ ਨੂੰ ਪੰਚਾਇਤ ਦੇ ਰਿਕਾਰਡ ਵਿਚ ਸ਼ਾਮਿਲ ਹੀ ਨਹੀਂ ਕੀਤਾ ਗਿਆ, ਜਿਸ ਦੀ ਪੰਚਾਇਤ ਵਿਭਾਗ ਨੇ ਆਰ.ਟੀ.ਆਈ ਰਾਹੀਂ ਸੂਚਨਾ ਮੁਹੱਈਆ ਕਰਵਾਈ ਹੈ ਕਿ ਗ੍ਰਾਮ ਪੰਚਾਇਤ ਕੋਹਰ ਸਿੰਘ ਵਾਲਾ 'ਚ ਉਕਤ ਸੰਦ ਰਿਕਾਰਡ ਵਿਚ ਨਹੀਂ ਹਨ, ਕੀ ਸੰਦ ਜਾਰੀ ਕਰਨ ਸਮੇਂ ਖੇਤੀਬਾੜੀ ਵਿਭਾਗ ਵਲੋਂ ਪੰਚਾਇਤੀ ਮਤੇ ਦੀ ਜਾਂਚ ਕਿਉਂ ਨਹੀਂ ਕਰਵਾਈ ਗਈ | ਪੰਚਾਇਤ ਵਿਭਾਗ ਨੂੰ ਓਹਲੇ ਵਿਚ ਰੱਖ ਕੇ ਉਕਤ ਸਰਪੰਚ ਨੇ ਸੰਦਾਂ ਦੀ ਖ਼ਰੀਦ 'ਚ ਉਲਟ-ਪੁਲਟ ਕਰਦਿਆਂ ਗ਼ਬਨ ਕੀਤਾ ਹੈ | ਦੱਸਣਯੋਗ ਹੈ ਕਿ ਸੰਦਾਂ ਦੀ ਖ਼ਰੀਦ 'ਤੇ 80 ਫ਼ੀਸਦੀ ਸਬਸਿਡੀ ਦਿੱਤੀ ਗਈ ਹੈ ਅਤੇ 20 ਫ਼ੀਸਦੀ ਰਕਮ ਪੰਚਾਇਤ ਨੇ ਅਦਾ ਕਰਨੀ ਸੀ, ਪ੍ਰੰਤੂ ਸਰਪੰਚ ਵਲੋਂ ਬਾਹਰੋਂ-ਬਾਹਰ ਸੰਦ ਖ਼ਰੀਦਣ ਲਈ ਐਡਜਸਟਮੈਂਟ ਕਰ ਲਈ, ਜੋ ਲੋਕਾਂ ਨੂੰ ਮਿਲਣ ਵਾਲੀ ਸਹੂਲਤ ਨਾਲ ਖਿਲਵਾੜ ਕੀਤਾ ਗਿਆ ਹੈ | ਲੋਕਾਂ ਨੂੰ ਹੁਣ ਪਤਾ ਲੱਗਿਆ ਹੈ ਕਿ ਪੰਚਾਇਤ ਨੇ ਸੰਦ ਮਿਲੀਭੁਗਤ ਕਰਕੇ ਕਾਗ਼ਜ਼ਾਂ ਵਿਚ ਖ਼ਰੀਦੇ ਹਨ | ਇਸ ਘਪਲੇਬਾਜ਼ੀ 'ਤੇ ਲੋਕਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ, ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਪੁਲਿਸ ਕਪਤਾਨ ਸਮੇਤ ਪੰਚਾਇਤ ਵਿਭਾਗ ਤੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ | ਹੁਣ ਇਹ ਵੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਸਬੰਧਿਤ ਵਿਭਾਗ ਉਸ ਸਮੇਂ ਦੇ ਸਰਪੰਚ ਖ਼ਿਲਾਫ਼ ਕੀ ਕਾਰਵਾਈ ਅਮਲ ਵਿਚ ਲਿਆਉਂਦਾ ਹੈ | ਕਈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਸਹੂਲਤ ਦੇਣ ਦੇ ਮਕਸਦ ਨਾਲ ਖੇਤੀਬਾੜੀ ਸੰਦ ਪੰਚਾਇਤਾਂ ਨੂੰ ਮੁਹੱਈਆ ਕਰਵਾਏ ਸਨ, ਪਰ ਇਹਨਾਂ ਸੰਦਾਂ ਨੂੰ ਸਰਪੰਚਾਂ ਨੇ ਆਪਣੇ ਪੱਧਰ 'ਤੇ ਖ਼ਰੀਦ ਮਾਮਲੇ ਵਿਚ ਘਪਲਾ ਕਰਦਿਆਂ ਗ਼ਬਨ ਕੀਤਾ ਹੈ, ਜਿਸ ਦੀ ਕਾਰਵਾਈ ਕਰਨੀ ਚਾਹੀਦੀ ਹੈ | ਉਕਤ ਸਰਪੰਚ ਨਾਲ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ |
Ad Position 22
No active advertisement
ਪਿਛਲੀ ਖ਼ਬਰ ਫ਼ਰਦ ਕੇਂਦਰਾਂ ਦੇ ਮੁਲਾਜ਼ਮਾਂ ਦੀ ਸਾਰ ਲਵੇ ਸਰਕਾਰ-ਭਾਕਿਯੂ ਕਾਦੀਆਂ ਅਗਲੀ ਖ਼ਬਰ ਫ਼ਰਦ ਕਾੇਦਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਹੋਣਾ ਪਿਆ ਖੱਜਲ-ਖੁਆਰ
Ad Position 24