ਮੱਖੂ, 2 ਸਤੰਬਰ (ਵਰਿੰਦਰ ਮਨਚੰਦਾ)-ਪਹਾੜੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਾਰਸ਼ ਦੇ ਚੱਲਦਿਆਂ ਸਤਲੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਦੇ ਚੱਲਦਿਆਂ ਮੱਖੂ ਦੇ ਨਜ਼ਦੀਕ ਪਿੰਡ ਰੁਕਨੇ ਵਾਲਾ ਬੰਨ੍ਹ ਦੀ ਸੇਫ਼ਟੀ ਨੰਬਰ 023260 ਨੋਚ ਕੋਟ ਕਾਇਮ ਖਾਂ, ਭੂਤੀ ਵਾਲਾ, ਭੂਪੇ ਵਾਲਾ, ਚੱਕੀਆਂ, ਮੰਝ ਵਾਲਾ ਸਮੇਤ ਕਰੀਬ 7 ਪਿੰਡ ਦੀ ਹਜ਼ਾਰਾਂ ਏਕੜ ਜ਼ਮੀਨ ਦੇ ਬੰਨ੍ਹ ਨੂੰ ਪਿਛਲੇ 2 ਦਿਨਾਂ ਤੋਂ ਖੋਰਾ ਲੱਗ ਰਿਹਾ ਹੈ, ਜਿਸ ਨੂੰ ਮਜ਼ਬੂਤ ਕਰਨ ਲਈ ਸਰਕਾਰੀ ਪ੍ਰਸ਼ਾਸਨਿਕ, ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਇਲਾਕੇ ਭਰ ਦੇ ਲੋਕਾਂ ਵਲੋਂ ਦਿਨ-ਰਾਤ ਜਾਲ ਬੰਨ੍ਹ ਕੇ ਮਿੱਟੀ ਨਾਲ ਤੋੜੇ ਭਰ ਕੇ ਮਜ਼ਬੂਤ ਕਰਨ ਲਈ ਆਰਜ਼ੀ ਨੋਚ ਬਣਾਈ ਜਾ ਰਹੀ ਹੈ | ਇਹ ਜਿੱਥੇ ਸਤਲੁਜ ਦੇ ਹੜ੍ਹ ਦਾ ਪਾਣੀ ਨੂੰ ਦੂਸਰੇ ਪਾਸੇ ਨੂੰ ਧੱਕੇਗੀ, ਉੱਥੇ ਹੀ ਇਸ ਇਲਾਕੇ ਅਤੇ ਮੱਖੂ ਇਲਾਕੇ ਦਾ ਬਚਾਅ ਹੋਵੇਗਾ | ਇਸ ਮੌਕੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਬੀ.ਡੀ.ਪੀ.ਓ. ਵਿਜੇ ਵਿਕਰਾਂਤ ਵਲੋਂ ਲਗਾਤਾਰ ਇਸ ਬੰਨ੍ਹ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਰਾਸ਼ਨ, ਪਸ਼ੂਆਂ ਲਈ ਚਾਰਾ ਅਤੇ ਹੋਰ ਸਮਗਰੀ ਪਹੁੰਚਾਈ ਜਾ ਰਹੀ ਹੈ | ਇਸ ਜਗ੍ਹਾ 'ਤੇ ਚੱਲ ਰਹੇ ਕੰਮ 'ਚ ਪੂਰੇ ਪੰਜਾਬ ਵਿਚੋਂ ਸਮਾਜ ਸੇਵੀ ਕਲੱਬਾਂ ਦੇ ਆਗੂ ਤੇ ਇਲਾਕੇ ਦੇ ਲੋਕ ਪਹੁੰਚ ਰਹੇ ਹਨ, ਜਿਨ੍ਹਾਂ ਲਈ ਜਿੱਥੇ ਪਿੰਡ ਵਾਸੀਆਂ ਵਲੋਂ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਹੀ ਬਾਬਾ ਗਿਆਨ ਸਿੰਘ ਸਰਿਹਾਲੀ ਸਾਹਿਬ ਵਾਲਿਆਂ ਵਲੋਂ ਵਿਸ਼ੇਸ਼ ਲੰਗਰ ਦਾ ਪ੍ਰਬੰਧ 24 ਘੰਟੇ ਚੱਲ ਰਿਹਾ ਹੈ | ਇਸ ਮੌਕੇ ਸਰਪੰਚ ਤਰਲੋਕ ਸਿੰਘ ਸਿੱਧੂ, ਗੁਰਸੇਵਕ ਸਿੰਘ ਭੂਤੀ ਵਾਲਾ, ਕੁਲਵੰਤ ਸਿੰਘ ਰੁਕਨੇ ਵਾਲਾ, ਮੇਜਰ ਸਿੰਘ ਰੁਕਨੇ ਵਾਲਾ, ਸੌਦਾਗਰ ਸਿੰਘ, ਸੁਖਚੈਨ ਸਿੰਘ, ਜੋਗਾ ਸਿੰਘ, ਕੁਲਵਿੰਦਰ ਸਿੰਘ, ਜੋਗਿੰਦਰ ਸਿੰਘ, ਬੂਟਾ ਸਿੰਘ , ਕਾਰਜ ਸਿੰਘ ਵਲੋ ਸੇਵਾ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਹਲਕਾ ਲੰਬੀ ਦੇ ਪਿੰਡ ਬੀਦੋ ਵਾਲੀ ਤੋਂ ਲਖਬੀਰ ਸਿੰਘ, ਗੋਰੀ ਸ਼ਰਮਾ, ਗੁਰਜੰਟ ਸਿੰਘ, ਜਗਤਾਰ ਸਿੰਘ, ਗੁਰਸੇਵਕ ਸਿੰਘ 1 ਹਜ਼ਾਰ ਮਿੱਟੀ ਭਰਨ ਲਈ ਖ਼ਾਲੀ ਗੱਟਾ ਲੈ ਕੇ ਪਹੁੰਚੇ |