ਫ਼ਿਰੋਜ਼ਪੁਰ, 2 ਸਤੰਬਰ (ਕੁਲਬੀਰ ਸਿੰਘ ਸੋਢੀ)-ਰੇਲ ਗੱਡੀਆਂ ਵਿਚ ਅਣਅਧਿਕਾਰਤ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਰੁਝਾਨ ਨੂੰ ਰੋਕਣ ਲਈ ਫ਼ਿਰੋਜ਼ਪੁਰ ਡਵੀਜ਼ਨ ਦੀ ਟਿਕਟ ਚੈਕਿੰਗ ਟੀਮ ਲਗਾਤਾਰ ਰੇਲ ਗੱਡੀਆਂ 'ਚ ਟਿਕਟਾਂ ਦੀ ਚੈਕਿੰਗ ਕਰ ਰਹੀ ਹੈ | ਜਿਸ ਦੇ ਚੱਲਦੇ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਅਤੇ ਚੀਫ਼ ਟਿਕਟ ਇੰਸਪੈਕਟਰਾਂ ਵਲੋਂ ਅਗਸਤ 2025 ਦੌਰਾਨ ਰੇਲ ਗੱਡੀਆਂ ਦੀ ਚੈਕਿੰਗ ਦੌਰਾਨ ਕੁੱਲ 37133 ਯਾਤਰੀਆਂ ਨੂੰ ਬਿਨਾਂ ਟਿਕਟ ਸਫ਼ਰ ਕਰਦੇ ਕਾਬੂ ਕਰਕੇ ਕੀਤਾ ਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਭਗ 2.17 ਕਰੋੜ ਰੁਪਏ ਦੀ ਆਮਦਨ ਵਸੂਲੀ ਕੀਤੀ ਗਈ | ਇਸ ਨਾਲ ਫ਼ਿਰੋਜ਼ਪੁਰ ਡਵੀਜ਼ਨ ਦੀ ਆਮਦਨ ਵਿਚ ਵਾਧਾ ਹੋਇਆ ਹੈ, ਜੋ ਕਿ ਟਿਕਟ ਚੈਕਿੰਗ ਸਟਾਫ਼ ਵਲੋਂ ਕੀਤਾ ਗਿਆ ਸ਼ਲਾਘਾਯੋਗ ਕੰਮ ਹੈ | ਰੇਲਵੇ ਅਧਿਕਾਰੀਆਂ ਨੇ ਰੇਲ ਗੱਡੀਆਂ ਵਿਚ ਯਾਤਰੀਆਂ ਦੇ ਅਣਅਧਿਕਾਰਤ ਦਾਖ਼ਲੇ ਨੂੰ ਰੋਕਣ ਲਈ ਲਗਾਤਾਰ ਅਚਨਚੇਤ ਟਿਕਟ ਚੈਕਿੰਗ ਮੁਹਿੰਮਾਂ ਵੀ ਚਲਾਈਆਂ ਹੋਈਆਂ ਸਨ, ਜਿਸ ਵਿਚ ਯਾਤਰੀਆਂ ਨੂੰ ਸਹੀ ਟਿਕਟਾਂ ਨਾਲ ਰੇਲ ਗੱਡੀਆਂ ਵਿਚ ਸਫ਼ਰ ਕਰਨ ਦੀ ਸਲਾਹ ਦਿੱਤੀ ਗਈ | ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ 'ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ 'ਤੇ ਨਿਯਮਤ ਤੌਰ 'ਤੇ ਚੈਕਿੰਗ ਕੀਤੀ ਜਾਂਦੀ ਹੈ | ਇਸ ਦੇ ਨਤੀਜੇ ਵਜੋਂ ਅਗਸਤ ਮਹੀਨੇ ਦੌਰਾਨ ਸਟੇਸ਼ਨ ਕੰਪਲੈਕਸ (ਐਂਟੀ ਲਿਟਰਿੰਗ ਐਕਟ) ਵਿਚ ਕੂੜਾ ਸੁੱਟਣ ਵਾਲੇ 487 ਯਾਤਰੀਆਂ ਤੋਂ 87 ਹਜ਼ਾਰ ਰੁਪਏ ਦੀ ਵਸੂਲੀ ਕੀਤੀ ਗਈ | ਇਸ ਤੋਂ ਇਲਾਵਾ ਰੇਲਵੇ ਯਾਤਰੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਸਫ਼ਾਈ ਮੁਹਿੰਮ ਵੀ ਚਲਾਈ ਜਾਂਦੀ ਹੈ | ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਵਿਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ, ਕਿਉਂਕਿ ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿੱਕਰੀ ਵਿਚ ਸੁਧਾਰ ਕਰਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯਾਤਰੀ ਬਿਨਾ ਟਿਕਟ ਯਾਤਰਾ ਨਾ ਕਰੇ, ਭਾਵ ਫ਼ਿਰੋਜ਼ਪੁਰ ਡਵੀਜ਼ਨ ਵਿਚ ਜ਼ੀਰੋ ਟਿਕਟ ਰਹਿਤ ਯਾਤਰਾ ਦਾ ਟੀਚਾ ਮਿਥਿਆ ਗਿਆ ਹੈ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਰੇਲਵੇ ਮਾਲੀਏ ਵਿਚ ਵਾਧਾ ਕਰਨ ਦੇ ਨਾਲ-ਨਾਲ ਫ਼ਿਰੋਜ਼ਪੁਰ ਡਵੀਜ਼ਨ ਦਾ ਟਿਕਟ ਚੈਕਿੰਗ ਸਟਾਫ਼ ਮੁਸਾਫ਼ਰਾਂ ਦੀ ਮਦਦ ਕਰਕੇ ਸਮੇਂ-ਸਮੇਂ 'ਤੇ ਸਮਰਪਿਤ ਟਿਕਟ ਚੈਕਿੰਗ ਸਟਾਫ਼ ਦਾ ਮਨੋਬਲ ਵਧਾਉਂਦਾ ਹੈ |