15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸਤਲੁਜ ਦਰਿਆ 'ਚ ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ, ਲੋਕਾਂ 'ਚ ਡਰ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 04-09-2025
ਮੱਲਾਂਵਾਲਾ, 3 ਸਤੰਬਰ (ਬਲਬੀਰ ਸਿੰਘ ਜੋਸਨ)- ਡੈਮਾਂ 'ਚ ਪਾਣੀ ਨਕੋ ਨੱਕ ਭਰੇ ਜਾਣ ਕਾਰਨ ਛੱਡੇ ਜਾ ਰਹੇ ਪਾਣੀ ਨੇ ਪੰਜਾਬ ਦੇ 12 ਜ਼ਿਲਿ੍ਹਆਂ ਨੂੰ ਡੋਬ ਕੇ ਰੱਖ ਦਿੱਤਾ ਹੈ | ਪੰਜਾਬ ਦੇ ਡੈਮਾਂ ਦੇ ਲਗਾਤਾਰ ਖੁੱਲੇ੍ਹ ਫਲੱਡ ਗੇਟਾਂ ਦੇ ਪਾਣੀ ਨੇ ਬਿਆਸ ਤੇ ਸਤਲੁਜ ਦਰਿਆ ਵਿਚ ਪਿਛਲੇ 28 ਦਿਨਾਂ ਤੋਂ ਸੂਬੇ ਵਿਚ ਹੜ੍ਹਾਂ ਨਾਲ ਪਿੰਡਾਂ ਦੇ ਵਿਚ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ | ਪੰਜਾਬ ਦੇ ਸੈਂਕੜੇ ਪਿੰਡ ਪਾਣੀ ਦੀ ਮਾਰ ਹੇਠ ਚੱਲ ਰਹੇ ਹਨ ਤੇ ਢਾਈ ਲੱਖ ਤੋਂ ਵਧੇਰੇ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ | ਪੌਂਗ ਤੇ ਭਾਖੜਾ ਡੈਮ ਤੋਂ ਬਿਆਸ ਤੇ ਸਤਲੁਜ 'ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ | ਹਰੀਕੇ ਪੱਤਣ 'ਚ 3 ਲੱਖ 47 ਹਜ਼ਾਰ 548 ਹਜ਼ਾਰ ਕਿਉਸਿਕ ਅੱਪ ਸਟਰੀਮ ਪਾਣੀ ਦੀ ਆਮਦ ਹੈ ਅਤੇ ਹਰੀਕੇ ਹੈੱਡ ਵਰਕਸ ਤੋਂ ਸਤਲੁਜ ਦਰਿਆ 'ਚ ਲਹਿੰਦੇ ਪਾਸੇ ਛੱਡੇ ਜਾ ਰਹੇ 3 ਲੱਖ 30 ਹਜ਼ਾਰ 677 ਕਿਉਸਿਕ ਡਾਊਨ ਸਟਰੀਮ ਪਾਣੀ ਛੱਡੇ ਜਾਣ ਨਾਲ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਹੀ ਵਧਦਾ ਜਾ ਰਿਹਾ ਹੈ | ਜੇਕਰ ਬੀਤੇ ਕੱਲ੍ਹ ਦੀ ਗੱਲ ਕਰੀਏ ਤਾਂ ਅੱਜ 50 ਹਜ਼ਾਰ ਕਿਉਸਿਕ ਪਾਣੀ ਸਤਲੁਜ 'ਚ ਵੱਧ ਚੱਲ ਰਿਹਾ ਹੈ | ਸਤਲੁਜ 'ਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਪਿੰਡਾਂ ਵਿਚ ਪ੍ਰਸ਼ਾਸਨ ਵਲੋਂ ਅਨਾਊਾਸਮੈਂਟਾਂ ਕਰ ਦਿੱਤੀਆਂ ਗਈਆਂ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ ਵੱਲ ਘਰੇਲੂ ਸਮਾਨ ਲੈ ਕੇ ਬਾਹਰ ਚਲੇ ਜਾਣ | ਸਤਲੁਜ 'ਚ ਪਾਣੀ ਦੇ ਵਧਣ ਕਰਕੇ ਲੋਕਾਂ ਦੇ ਘਰਾਂ ਵਿਚ ਪੰਜ ਤੋਂ ਛੇ ਫੁੱਟ ਪਾਣੀ ਭਰ ਗਿਆ ਹੈ ਅਤੇ ਘਰਾਂ ਦੇ ਚਾਰ ਚੁਫੇਰੇ 10 ਤੋਂ 15 ਫੁੱਟ ਪਾਣੀ ਚੱਲ ਰਿਹਾ ਹੈ | ਜ਼ਿਲ੍ਹਾ ਫਿਰੋਜ਼ਪੁਰ ਦੀ ਹੱਦ ਤੇ ਵਗ ਰਹੇ ਸਤਲੁਜ ਦਰਿਆ ਦੇ ਪੌਣਾ ਸੈਂਕੜਾ ਪਿੰਡਾਂ ਸਮੇਤ ਹੁਸੈਨੀਵਾਲਾ ਹੈੱਡ ਵਰਕਸ, ਮਮਦੋਟ, ਗੁਰੂਹਰਸਹਾਏ, ਜਲਾਲਾਬਾਦ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਏਰੀਆ ਦੇ ਪਿੰਡਾਂ 'ਚ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਹੈ ਤੇ ਅਨੇਕਾਂ ਹੀ ਘਰਾਂ ਦੇ ਲੋਕ ਘਰੋਂ ਬੇਘਰ ਹੋ ਗਏ ਹਨ | ਪਿਛਲੇ ਕਰੀਬ 28 ਦਿਨਾਂ ਤੋਂ ਸਤਲੁਜ 'ਚ ਲਗਾਤਾਰ ਚੱਲ ਰਹੇ ਪਾਣੀ ਕਾਰਨ ਬੰਨ੍ਹਾਂ ਦੀ ਹਾਲਤ ਵੀ ਖਸਤਾ ਹੁੰਦੀ ਜਾ ਰਹੀ ਹੈ ਤੇ ਸਤਲੁਜ ਦੇ ਪਾਣੀ ਨੇ ਧੁੱਸੀ ਬੰਨ੍ਹ ਨੂੰ ਕੁੱਝ ਕੁ ਥਾਵਾਂ 'ਤੇ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ | ਜ਼ਿਲ੍ਹਾ ਫਿਰੋਜ਼ਪੁਰ ਦੇ ਸਤਲੁਜ ਦਰਿਆ 'ਚ ਕਰੀਬ 76 ਪਿੰਡ ਪਾਣੀ ਦੀ ਮਾਰ ਹੇਠ ਚੱਲ ਰਹੇ ਹਨ | ਪਾਣੀ ਦਾ ਪੱਧਰ ਲਗਾਤਾਰ ਵਧਦੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਪਿੰਡਾਂ ਵਿੱਚ ਅਨਾਉਂਸਮੈਂਟਾਂ ਕਰਵਾ ਕੇ ਤੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਫਸੇ ਲੋਕਾਂ ਨੂੰ ਬਾਹਰ ਆਉਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ | ਉੱਥੇ ਹੀ ਧੁੱਸੀ ਬੰਨ੍ਹ ਦੇ ਅੰਦਰ ਆਉਂਦੇ ਸਤਲੁਜ ਦਰਿਆ ਦੇ ਕੰਢੀ ਏਰੀਏ ਦੇ ਪਿੰਡਾਂ ਵਿਚ ਫਸੇ ਹੜ੍ਹ ਪੀੜਤਾਂ ਨੂੰ ਬਾਹਰ ਕੱਢਣ ਲਈ ਐਨ.ਡੀ.ਆਰ.ਐੱਫ., ਫ਼ੌਜ, ਸਿੱਖ ਸੰਸਥਾਵਾਂ ਨੇ ਆਪਣੀਆਂ ਮੋਟਰ ਬੋਟਾਂ ਰਾਹੀਂ ਹੜ੍ਹ ਦੇ ਪਾਣੀ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ |
ਡੀ.ਸੀ. ਤੇ ਐੱਸ.ਐੱਸ.ਪੀ. ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਫ਼ਿਰੋਜ਼ਪੁਰ, (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਆਏ ਹੜ੍ਹਾਂ ਵਿਚ ਫਸੇ 3432 ਲੋਕਾਂ ਨੂੰ ਬਚਾਅ ਕਾਰਜ ਵਿਚ ਲੱਗੀਆਂ ਟੀਮਾਂ ਵਲੋਂ ਰੈਸਕਿਊ ਕਰਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ | ਜ਼ਿਲ੍ਹੇ ਵਿਚ ਬਣਾਏ ਗਏ ਰਾਹਤ ਕੈਂਪਾਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਖਾਣ ਪੀਣ ਤੋਂ ਇਲਾਵਾ ਹਰ ਲੋੜੀਂਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ | ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਉਪਰੰਤ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਚ ਲਗਾਤਾਰ ਕੰਮ ਕਰ ਰਿਹਾ ਹੈ, ਉਨ੍ਹਾਂ ਵਲੋਂ ਖ਼ੁਦ ਪਿੰਡਾਂ ਵਿਚ ਜਾ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਨਾਲ ਹਰੀਕੇ ਹੈੱਡ ਵਰਕਸ 'ਤੇ ਜਾ ਕੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਵਲੋਂ ਪਿੰਡ ਰੁਕਨੇ ਵਾਲਾ, ਮੱਖੂ ਦਾ ਰਾਤ 10 ਵਜੇ ਜਾਇਜ਼ਾ ਲਿਆ ਗਿਆ ਤੇ ਪਿੰਡ ਵਾਸੀਆਂ ਨੂੰ ਸੁਚੇਤ ਰਹਿਣ ਸਬੰਧੀ ਕਿਹਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਰੁਕਨੇ ਵਾਲਾ ਵਿਖੇ ਲਗਾਤਾਰ ਕਿਸ਼ਤੀਆਂ ਰਾਹੀਂ ਪਾਣੀ ਵਿਚ ਫਸੇ ਪਿੰਡ ਵਾਸੀਆਂ ਨੂੰ ਰਾਸ਼ਨ ਤੇ ਜ਼ਰੂਰੀ ਸਮਾਨ ਪਹੁੰਚਾਇਆ ਜਾ ਰਿਹਾ ਹੈ |
ਰੁਕਨੇ ਵਾਲਾ ਬੰਨ੍ਹ ਦੀ ਮਜ਼ਬੂਤੀ ਲਈ ਫ਼ੌਜ, ਸਮਾਜ ਸੇਵੀ ਤੇ ਇਲਾਕੇ ਦੇ ਲੋਕ ਲੱਗੇ ਰਾਹਤ ਕਾਰਜਾਂ 'ਚ
ਮੱਖੂ, (ਵਰਿੰਦਰ ਮਨਚੰਦਾ, ਕੁਲਵਿੰਦਰ ਸਿੰਘ ਸੰਧੂ)- ਸਤਲੁਜ ਦਰਿਆ ਦੇ ਕਈ ਬੰਨ੍ਹਾਂ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਜਿਸ ਦੇ ਚੱਲਦਿਆਂ ਮੱਖੂ ਨਜ਼ਦੀਕ ਪੈਂਦੇ ਪਿੰਡ ਰੁਕਨੇ ਵਾਲਾ ਬੰਨ੍ਹ ਸੇਫ਼ਟੀ ਨੰਬਰ 023260 ਨੋਚ ਦੀ ਮਜ਼ਬੂਤੀ ਲਈ ਜਿੱਥੇ ਸਮਾਜ ਸੇਵੀ ਤੇ ਇਲਾਕੇ ਦੇ ਲੋਕ ਲੱਗੇ ਹੋਏ ਸਨ, ਉੱਥੇ ਹੀ ਅੱਜ ਫ਼ੌਜ ਨੇ ਵੀ ਮੋਰਚਾ ਸੰਭਾਲ ਲਿਆ ਹੈ | ਸਾਡੇ ਪ੍ਰਤੀਨਿਧ ਵਲੋਂ ਮੌਕੇ 'ਤੇ ਜਾ ਕੇ ਦੇਖਿਆ ਕਿ ਫ਼ੌਜ ਸਥਾਨਕ ਲੋਕਾਂ ਨਾਲ ਮਿਲ ਕੇ ਨੋਚ ਨੂੰ ਮਜ਼ਬੂਤ ਬਣਾਉਣ ਲਈ ਮਦਦ ਕਰ ਰਹੀ ਸੀ | ਇਸ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਰੁਕਨੇ ਵਾਲਾ ਵਿਖੇ ਬੰਨ੍ਹ ਨੂੰ ਤੇਜ਼ ਵਹਾਅ ਕਾਰਨ ਵੱਡੀ ਢਾਅ ਲੱਗ ਰਹੀ ਹੈ, ਜਿਸ ਲਈ ਇਲਾਕੇ ਦੇ ਲੋਕ ਮਿੱਟੀ ਦੀਆਂ ਟਰਾਲੀਆਂ, ਖਾਲੀ ਤੇ ਭਰੇ ਹੋਏ ਤੋੜੇ ਵੱਡੀ ਗਿਣਤੀ 'ਚ ਲੈ ਕੇ ਪਹੁੰਚ ਰਹੇ ਹਨ |
ਸਰਹੱਦ ਦੀ ਸੁਰੱਖਿਆ ਤੋਂ ਲੈ ਕੇ ਹੜ੍ਹ ਪੀੜਤਾਂ ਦੀ ਸੇਵਾ ਤੱਕ ਬੀ.ਐੱਸ.ਐੱਫ. ਹਰ ਮੋਰਚੇ 'ਤੇ ਮੋਹਰੀ
ਫ਼ਿਰੋਜ਼ਪੁਰ, (ਗੁਰਿੰਦਰ ਸਿੰਘ)- ਦੇਸ਼ ਦੀ ਸਰਹੱਦਾਂ ਦੇ ਰਖਵਾਲੇ ਬੀ.ਐੱਸ.ਐੱਫ. (ਸੀਮਾ ਸੁਰੱਖਿਆ ਬਲ) ਦੇ ਜਵਾਨ ਹੁਣ ਸਰਹੱਦ 'ਤੇ ਚੌਕਸੀ ਦੇ ਨਾਲ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵੀ ਮੋਹਰੀ ਭੂਮਿਕਾ ਨਿਭਾਅ ਰਹੇ ਹਨ | ਬੀ.ਐੱਸ.ਐੱਫ. ਦੇ ਜਵਾਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ, ਰਾਸ਼ਨ ਵੰਡਣ ਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਵਿਚ ਸਰਗਰਮ ਹਨ | ਸੀਮਾ ਸੁਰੱਖਿਆ ਬਲ ਆਪਣੇ ਅਧਿਕਾਰੀਆਂ ਤੇ ਜਵਾਨਾਂ (ਜਲ ਵਿੰਗ ਦੇ ਨੁਮਾਇੰਦਿਆਂ) ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਿਚ ਵੱਡੇ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਚਲਾ ਰਿਹਾ ਹੈ | ਬੀ.ਐੱਸ.ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਹੁਣ ਤੱਕ ਹੜ੍ਹ ਪ੍ਰਭਾਵਿਤ ਪਿੰਡਾਂ ਧੀਰਾ ਘਾਰਾ, ਨਿਹਾਲਾ ਲਾਵੇਰਾ, ਟੱਲੀ ਗੁਲਾਮ, ਕਿਲਚੇ, ਕਮਾਲੇਵਾਲਾ, ਗੱਟੀ ਰਾਜੋ ਕੇ, ਨਿਊ ਗੱਟੀ ਰਾਜੋ ਕੇ ਅਤੇ ਕਾਲੂ ਵਾਲਾ ਤੋਂ ਲਗਭਗ 1000 ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ | ਇਸ ਤੋਂ ਇਲਾਵਾ ਬੀ.ਐੱਸ.ਐੱਫ. ਦੇ ਜਵਾਨ ਜ਼ਿਲ੍ਹਾ ਪ੍ਰਸ਼ਾਸਨ ਤੇ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਭਾਵਿਤ ਖੇਤਰਾਂ ਵਿਚ ਅਨਾਜ, ਪਾਣੀ ਦੀਆਂ ਬੋਤਲਾਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਪ੍ਰਦਾਨ ਕਰ ਰਹੇ ਹਨ | ਜਿਹੜੇ ਪਿੰਡ ਹੜ੍ਹਾਂ ਕਾਰਨ ਪਹੰੁਚਣਯੋਗ ਨਹੀਂ ਹਨ, ਉਨ੍ਹਾਂ ਵਿਚ ਇਹ ਸਮੱਗਰੀ ਬੀ.ਐੱਸ.ਐੱਫ. ਦੀਆਂ ਕਿਸ਼ਤੀਆਂ ਰਾਹੀਂ ਪਹੁੰਚਾਈ ਜਾ ਰਹੀ ਹੈ | ਇਸ ਤੋਂ ਇਲਾਵਾ ਜਿਨ੍ਹਾਂ ਪਿੰਡਾਂ ਤੋਂ ਪਸ਼ੂਆਂ ਨੂੰ ਬਾਹਰ ਕੱਢਣਾ ਮੁਸ਼ਕਲ ਹੈ, ਜਵਾਨ ਕਿਸ਼ਤੀਆਂ ਰਾਹੀਂ ਪਸ਼ੂਆਂ ਲਈ ਚਾਰਾ ਪਹੁੰਚਾ ਰਹੇ 1
ਪੁਲਿਸ ਪ੍ਰਸ਼ਾਸਨ ਕਰ ਰਿਹਾ ਅਪੀਲਾਂ
ਸਤਲੁਜ 'ਚ ਲਗਾਤਾਰ ਪਾਣੀ ਦੇ ਪੱਧਰ ਵਧਣ ਕਾਰਨ ਮੱਲਾਂਵਾਲਾ ਇਲਾਕੇ ਅਧੀਨ ਆਉਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪੁਲਿਸ ਥਾਣਾ ਮੱਲਾਂਵਾਲਾ ਦੇ ਮੁਖੀ ਹਰਿੰਦਰ ਸਿੰਘ ਚਮੇਲੀ ਨੇ ਅਨਾਊਾਸਮੈਂਟਾਂ ਰਾਹੀਂ ਤੇ ਐਨ.ਡੀ.ਆਰ.ਐੱਫ. ਦੀਆਂ ਟੀਮ ਨੂੰ ਨਾਲ ਲੈ ਕੇ ਪਿੰਡਾਂ ਵਿਚ ਘਿਰੇ ਲੋਕਾਂ ਦੇ ਘਰਾਂ 'ਚ ਜਾ-ਜਾ ਕੇ ਲੋਕਾਂ ਨੂੰ ਬਾਹਰ ਆਉਣ ਦੀਆਂ ਅਪੀਲਾਂ ਕਰ ਰਹੇ ਹਨ |

ਹੁਸੈਨੀਵਾਲਾ ਹੈੱਡ ਵਰਕਸ 'ਤੇ ਪਾਣੀ ਦੀ ਆਮਦ 330677 ਕਿਊਸਿਕ ਤੱਕ ਪਹੁੰਚੀ
ਫ਼ਿਰੋਜ਼ਪੁਰ, 3 ਸਤੰਬਰ (ਗੁਰਿੰਦਰ ਸਿੰਘ)- ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਿਚ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਹੁਸੈਨੀਵਾਲਾ ਹੈੱਡ ਵਰਕਸ ਨੂੰ ਛੱਡੇ ਜਾ ਰਹੇ ਪਾਣੀ ਦੀ ਮਿਕਦਾਰ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ | ਭਾਖੜਾ ਡੈਮ ਤੋਂ ਛੱਡੇ ਜਾ ਰਹੇ ਵਾਧੂ ਪਾਣੀ ਕਾਰਨ ਦਰਿਆ ਸਤਲੁਜ ਵਿਚ ਪਾਣੀ ਦੇ ਪੱਧਰ ਦਾ ਵਧਣਾ ਨਿਰੰਤਰ ਜਾਰੀ ਹੈ | ਅੱਜ ਹਰੀ ਕੇ ਹੈੱਡ ਵਰਕਸ 'ਤੇ ਪਾਣੀ ਦੀ ਆਮਦ 335030 ਕਿਊਸਿਕ ਤੋਂ ਵੱਧ ਕੇ ਸ਼ਾਮ ਤੱਕ 347548 ਕਿਊਸਿਕ ਤੱਕ ਜਾ ਪਹੁੰਚੀ ਜਦੋਂ ਕਿ ਹੁਸੈਨੀਵਾਲਾ ਹੈੱਡ ਵਰਕਸ 'ਤੇ ਸਵੇਰੇ 6 ਵਜੇ ਅੱਪ ਸਟਰੀਮ ਵਿਚ ਪਾਣੀ ਦੀ ਆਮਦ 302508 ਹਜ਼ਾਰ ਕਿਊਸਿਕ ਸੀ ਜਿਸ ਦੇ ਅੱਜ ਸ਼ਾਮ ਤੱਕ ਹਰੀ ਕੇ ਹੈੱਡ ਵਰਕਸ ਤੋਂ ਛੱਡੇ ਪਾਣੀ ਨਾਲ ਹੁਸੈਨੀਵਾਲਾ ਹੈੱਡ ਵਰਕਸ 'ਤੇ ਡਾਊਨ ਸਟਰੀਮ ਵਿਚ ਪਾਣੀ ਦੀ ਆਮਦ 330677 ਕਿਊਸਿਕ ਤੱਕ ਪਹੁੰਚਣ ਜਾਣ ਦੀ ਸੰਭਾਵਨਾ ਹੈ |’
ਪਿੰਡ ਹਾਮਿਦ ਚੱਕ ਵਾਸੀ ਬੇੜੀਆਂ ਨੂੰ ਤਰਸੇ
ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਹਮਦ ਚੱਕ ਅਤੇ ਰੱਤੋ ਵਾਲੀਆਂ ਬਹਿਕਾ ਸਮੇਤ ਕਈ ਢਾਣੀਆਂ ਦੇ ਲੋਕ ਤੇ ਪਸ਼ੂ ਸਤਲੁਜ ਦੇ ਪਾਣੀ ਵਿਚ ਘਿਰ ਗਏ ਹਨ | ਪਰ ਪ੍ਰਸ਼ਾਸਨ ਵਲੋਂ ਉਹਨਾਂ ਨੂੰ ਬੇੜੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਦੋ ਲੱਖ ਦੀ ਜ਼ਮਾਨਤ ਦੇਵੋਗੇ ਤਾਂ ਹੀ ਬੇੜੀ ਦਿੱਤੀ ਜਾਵੇਗੀ | ਪ੍ਰਸ਼ਾਸਨ ਵਲੋਂ ਬੇੜੀ ਨਾ ਦੇਣ ਕਾਰਨ ਲੋਕਾਂ ਨੇ ਆਪਣਾ ਦੇਸੀ ਜੁਗਾੜ ਲਾ ਕੇ ਘਰਾਂ ਵਾਸਤੇ ਰਾਸ਼ਨ ਤੇ ਪਸ਼ੂ ਵਾਸਤੇ ਚਾਰਾ ਲੱਦ ਕੇ ਲਿਜਾ ਰਹੇ ਹਨ | ਹੜ੍ਹ ਪੀੜਤ ਲੋਕਾਂ ਨੇ ਕਿਹਾ ਕੋਈ ਘਟਨਾ ਵਾਪਰ ਦੀ ਹੈ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ |
ਸਰਕਾਰ ਸਾਡੇ ਪਸ਼ੂਆਂ ਨੂੰ ਬਾਹਰ ਕੱਢਣ ਦਾ ਕਰੇ ਯਤਨ-ਸਥਾਨਕ ਵਾਸੀ
ਜ਼ਿਲ੍ਹਾ ਫ਼ਿਰੋਜਪੁਰ ਦੇ ਪਿੰਡਾਂ ਵਿਚ ਹੜ੍ਹਾਂ ਦੇ ਪਾਣੀ 'ਚ ਘਿਰੇ ਪਸ਼ੂਆਂ ਨੂੰ ਬਾਹਰ ਕੱਢਣ ਲਈ ਹੜ੍ਹ ਪੀੜਤ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪਸ਼ੂਆਂ ਨੂੰ ਬਾਹਰ ਨਾ ਕੱਢਿਆ ਗਿਆ ਤਾਂ ਪਸ਼ੂਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ ਤੇ ਪਸ਼ੂਆਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਅਕਾਲੀ ਦਲ ਦਾ ਆਪ 'ਤੇ ਨਿਸ਼ਾਨਾ ਅਗਲੀ ਖ਼ਬਰ ਹਬੀਬ ਕੇ ਬੰਨ੍ਹ ਨੂੰ ਬਚਾਉਣ ਲਈ ਸੰਗਤਾਂ ਦਿਨ ਰਾਤ ਕਰ ਰਹੀਆਂ ਮਿਹਨਤ
Ad Position 24