ਫ਼ਿਰੋਜ਼ਪੁਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਅਕਾਲੀ ਦਲ ਦਾ ਆਪ 'ਤੇ ਨਿਸ਼ਾਨਾ
ਰੋਹਿਤ ਕੁਮਾਰ ਮੋਂਟੂ ਵੋਹਰਾ
<br/>
04-09-2025
ਫ਼ਿਰੋਜ਼ਪੁਰ, 3 ਸਤੰਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਕੱਲ੍ਹ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਆਏ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਔਰਤ ਦੇ ਗਲ ਲੱਗ ਕੇ ਰੋਣ ਨੂੰ ਪੂਰੀ ਤਰ੍ਹਾਂ ਰਚਿਆ ਗਿਆ ਡਰਾਮਾ ਕਰਾਰ ਦਿੰਦਿਆਂ ਸਖ਼ਤ ਆਲੋਚਨਾ ਕੀਤੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਇੰਚਾਰਜ ਰੋਹਿਤ ਕੁਮਾਰ ਵੋਹਰਾ ਨੇ ਕਿਹਾ ਕਿ ਜਦੋਂ ਲੋਕ ਹਕੀਕਤ ਵਿਚ ਹੜ੍ਹਾਂ ਕਾਰਨ ਆਪਣਾ ਘਰ-ਬਾਰ ਖੋ ਬੈਠੇ ਹਨ, ਉੱਥੇ ਐਸਾ ਨਾਟਕ ਕਰਨਾ ਆਮ ਲੋਕਾਂ ਦੀ ਭਾਵਨਾਵਾਂ ਨਾਲ ਖੇਡਣ ਦੇ ਬਰਾਬਰ ਹੈ | ਉਨ੍ਹਾਂ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਤੁਸੀਂ ਕਿਸੇ ਦੇ ਕੰਮ ਨਹੀਂ ਆ ਸਕਦੇ ਤਾਂ ਘੱਟ ਤੋਂ ਘੱਟ ਲੋਕਾਂ ਦੀ ਹਮਦਰਦੀ ਪ੍ਰਾਪਤ ਕਰਨ ਲਈ ਅਜਿਹੇ ਡਰਾਮੇ ਤਾਂ ਨਾ ਕਰੋ | ਰੋਹਿਤ ਕੁਮਾਰ ਵੋਹਰਾ ਨੇ ਦਾਅਵਾ ਕੀਤਾ ਕਿ ਜਿਸ ਬੀਬੀ ਨੂੰ ਹੜ੍ਹ ਪੀੜਤ ਵਜੋਂ ਪੇਸ਼ ਕੀਤਾ ਗਿਆ, ਉਹ ਅਸਲ 'ਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਆਗੂ ਹੈ ਤੇ ਕਿਸੇ ਹੜ੍ਹ ਪੀੜਤ ਪਰਿਵਾਰ ਦੀ ਨਹੀਂ ਬਲਕਿ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਪੈਂਦੀ ਬੇਦੀ ਕਾਲੋਨੀ ਦੇ ਇਕ ਚੰਗੇ ਖਾਸੇ ਘਰ ਦੀ ਮਾਲਕਣ ਹੈ | ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਲੋਕਾਂ ਦੀ ਸੂਝ-ਬੂਝ ਨੂੰ ਠੱਗਣ ਤੇ ਸਿਆਸੀ ਫ਼ਾਇਦਾ ਲੈਣ ਦੇ ਉਦੇਸ਼ ਨਾਲ ਕੀਤਾ ਗਿਆ | ਰੋਹਿਤ ਵੋਹਰਾ ਨੇ ਕਿਹਾ ਕਿ ਇਕ ਪਾਸੇ ਸੂਬੇ ਦਾ ਮੁੱਖ ਮੰਤਰੀ ਡਰਾਮੇਬਾਜ਼ੀ ਕਰ ਰਹੇ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਘਰ-ਘਰ ਜਾ ਕੇ ਹੜ੍ਹ ਪੀੜਤਾਂ ਦੀ ਸਾਰ ਲੈ ਰਹੇ ਹਨ ਤੇ ਉਨ੍ਹਾਂ ਵਲੋਂ ਹੜ੍ਹ ਪੀੜਤਾਂ ਲਈ ਟੋਲ ਫ੍ਰੀ ਨੰਬਰ ਤੇ ਵੈੱਬਸਾਈਟ ਵੀ ਉਪਲਬਧ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਹੈ |