ਮੱਖੂ, 4 ਸਤੰਬਰ (ਵਰਿੰਦਰ ਮਨਚੰਦਾ)- ਉੱਘੇ ਸਮਾਜ ਸੇਵੀ ਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੱਖੂ ਦੇ ਨਾਲ ਲੱਗਦੇ ਪਿੰਡ ਰੁਕਨੇ ਵਾਲਾ ਬੰਨ੍ਹ 'ਤੇ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ ਗਈਆਂ ਤੇ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ | ਇਸ ਮੌਕੇ ਉਨ੍ਹਾਂ ਨਾਲ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਤੇ ਸਮੂਹ ਕੌਂਸਲਰ ਹਾਜ਼ਰ ਸਨ | ਡਾ. ਓਬਰਾਏ ਨੇ ਕਿਹਾ ਕਿ ਇਹ ਪੰਜਾਬ ਲਈ ਮੁਸ਼ਕਿਲ ਦੀ ਘੜੀ ਹੈ ਅਤੇ ਪੰਜਾਬੀ ਆਪਸੀ ਇਕਜੁੱਟਤਾ ਕਰਕੇ ਹਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਲਗਭਗ 1200 ਟਨ ਚਾਰਾ ਬੁੱਕ ਕੀਤਾ ਗਿਆ ਹੈ ਤੇ ਹੁਣ ਤੱਕ ਸਾਢੇ ਤਿੰਨ ਸੌ ਟਨ ਚਾਰਾ ਭੇਜਿਆ ਜਾ ਚੁੱਕਾ ਹੈ | ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਲੋੜ ਹੈ, ਸਪਲਾਈ ਜਾਰੀ ਰਹੇਗੀ ਅਤੇ ਕਿਸੇ ਦਾ ਵੀ ਪਸ਼ੂ ਭੁੱਖਾ ਨਹੀਂ ਰਹੇਗਾ | ਇਸ ਤੋਂ ਇਲਾਵਾ ਟਰੱਸਟ ਵਲੋਂ ਸੁੱਕਾ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ | ਡਾ. ਓਬਰਾਏ ਨੇ ਇਸ ਔਖੀ ਘੜੀ 'ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ 'ਚ ਲੱਗੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਦੇ ਡੀ.ਸੀ. ਦਫ਼ਤਰਾਂ ਨਾਲ ਮਿਲ ਕੇ ਇਹ ਯੋਜਨਾ ਬਣਾਈ ਜਾ ਰਹੀ ਹੈ ਕਿ ਕਿਹੜੇ ਪਿੰਡ ਵਿਚ ਕਿਹੜੀ ਜ਼ਰੂਰਤ ਹੈ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਸੁਚੱਜੇ ਤਰੀਕੇ ਨਾਲ ਪਹੁੰਚ ਸਕੇ | ਇਸ ਤੋਂ ਇਲਾਵਾ ਪਸ਼ੂਆਂ ਤੇ ਲੋਕਾਂ ਲਈ ਦਵਾਈਆਂ ਤੇ ਘਰਾਂ ਦੀ ਮੁਰੰਮਤ ਇਸ ਵਾਰ ਵੀ ਕੀਤੀ ਜਾਵੇਗੀ | ਇਸ ਮੌਕੇ ਹਲਕਾ ਵਿਧਾਇਕ ਕਟਾਰੀਆ ਨੇ ਡਾ. ਓਬਰਾਏ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਦੋਂ ਕਿਤੇ ਵੀ ਪੰਜਾਬ 'ਚ ਕੁਦਰਤੀ ਮਾਰ ਪੈਂਦੀ ਹੈ ਤਾਂ ਡਾ. ਓਬਰਾਏ ਹਮੇਸ਼ਾ ਅੱਗੇ ਹੋ ਕੇ ਲੋਕਾਂ ਦੀ ਬਾਂਹ ਫੜਦੇ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਭਰਪੂਰ ਸਿੰਘ ਪ੍ਰਧਾਨ ਫ਼ਰੀਦਕੋਟ ਅਤੇ ਉਨ੍ਹਾਂ ਦੀ ਟੀਮ, ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਇਸਤਰੀ ਵਿੰਗ ਜ਼ੀਰਾ ਬਲਵਿੰਦਰ ਕੌਰ, ਲੈਬ ਇੰਚਾਰਜ ਜ਼ੀਰਾ ਜਗਸੀਰ ਸਿੰਘ, ਮਹਾਂਵੀਰ ਸਿੰਘ, ਨਵਜੋਤ ਨੀਲੇ ਵਾਲਾ, ਰਾਮ ਸਿੰਘ, ਬਲਵਿੰਦਰ ਪਾਲ ਸ਼ਰਮਾ, ਤਲਵਿੰਦਰ ਕੌਰ, ਰਣਧੀਰ ਜੋਸ਼ੀ, ਕੰਵਲਜੀਤ ਸਿੰਘ, ਰਮਿੰਦਰ ਸਿੰਘ ਬਿੱਟਾ, ਜੋਗਿੰਦਰ ਸਿੰਘ ਥਿੰਦ ਕੌਂਸਲਰ, ਦਵਿੰਦਰ ਸਿੰਘ ਕੌਂਸਲਰ, ਮਨਜਿੰਦਰ ਸਿੰਘ ਮਿੰਟੂ ਕੌਂਸਲਰ, ਹੀਰਾ ਗਿੱਲ, ਪਵਨ ਖੰਨਾ, ਮੇਜਰ ਸਿੰਘ ਤੇ ਸ਼ਹਿਰ ਦੇ ਹੋਰ ਪਤਵੰਤੇ ਮੌਜੂਦ ਸਨ |