ਫ਼ਿਰੋਜ਼ਪੁਰ, 6 ਸਤੰਬਰ (ਗੁਰਿੰਦਰ ਸਿੰਘ)- ਗ੍ਰਾਹਕਾਂ ਨੂੰ ਵਧੀਆ ਮੁੱਲ, ਵਧੇਰੇ ਲਾਭ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਆਪਣੇ ਵਚਨ ਨੂੰ ਨਿਭਾਉਂਦਿਆਂ ਵੇਰਕਾ ਫ਼ਿਰੋਜ਼ਪੁਰ ਡੇਅਰੀ ਵਲੋਂ ਇਕ ਵਿਸ਼ੇਸ਼ ਪੇਸ਼ਕਸ਼ ਦਾ ਐਲਾਨ ਕੀਤਾ ਗਿਆ ਹੈ | ਹੁਣ ਤੋਂ ਗ੍ਰਾਹਕਾਂ ਨੂੰ 1000 ਮਿਲੀਲੀਟਰ ਦੀ ਕੀਮਤ 'ਤੇ 1050 ਮਿਲੀਲੀਟਰ ਦੁੱਧ ਮਿਲੇਗਾ, ਜਿਸ ਰਾਹੀਂ ਉਨ੍ਹਾਂ ਨੂੰ ਵਾਧੂ 50 ਮਿਲੀਲੀਟਰ ਦੁੱਧ ਬਿਨਾਂ ਕਿਸੇ ਵਾਧੂ ਭੁਗਤਾਨ ਦੇ ਮਿਲੇਗਾ | ਵੇਰਕਾ ਫ਼ਿਰੋਜ਼ਪੁਰ ਡੇਅਰੀ ਦੇ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਤੇ ਜਨਰਲ ਮੈਨੇਜਰ ਸੁਗਿਆਨ ਪ੍ਰਸ਼ਾਦ ਨੇ ਦੱਸਿਆ ਕਿ ਇਹ ਸਕੀਮ ਚੇਅਰਮੈਨ ਮਿਲਕਫ਼ੈਡ ਨਰਿੰਦਰ ਸਿੰਘ ਸ਼ੇਰਗਿੱਲ ਤੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ (ਆਈ.ਏ..ਐਸ.) ਦੀ ਰਹਿਨੁਮਾਈ ਹੇਠ ਲਾਗੂ ਕੀਤੀ ਗਈ ਹੈ | ਇਹ ਵਿਲੱਖਣ ਕਦਮ ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਫ਼ਰੀਦਕੋਟ ਦੇ ਗ੍ਰਾਹਕਾਂ ਲਈ ਉਨ੍ਹਾਂ ਦੀ ਭਲਾਈ ਨੂੰ ਧਿਆਨ ਵਿਚ ਰੱਖਦਿਆਂ ਚੁੱਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਪੇਸ਼ਕਸ਼ ਸਿਰਫ਼ ਇਕ ਆਰਥਿਕ ਲਾਭ ਤੱਕ ਸੀਮਤ ਨਹੀਂ, ਸਗੋਂ ਪਰਿਵਾਰਾਂ ਲਈ ਵਾਧੂ ਪੋਸ਼ਣ ਤੇ ਵਧੀਆ ਸਿਹਤ ਦਾ ਵੀ ਸੰਦੇਸ਼ ਲੈ ਕੇ ਆਉਂਦੀ ਹੈ | ਮੌਜੂਦਾ ਸਮੇਂ ਵਿਚ, ਜਿੱਥੇ ਕਈ ਕੰਪਨੀਆਂ ਵਲੋਂ ਉਤਪਾਦਾਂ ਦੀ ਕੀਮਤ 'ਚ ਵਾਧਾ ਕੀਤਾ ਜਾ ਰਿਹਾ ਹੈ ਉੱਥੇ ਵੇਰਕਾ ਵਲੋਂ ਇਹ ਉਪਰਾਲਾ ਗ੍ਰਾਹਕ-ਕੇਂਦਰਿਤ ਸੋਚ ਨੂੰ ਦਰਸਾਉਂਦਾ ਹੈ | ਚੇਅਰਮੈਨ ਟਿੱਬੀ ਨੇ ਕਿਹਾ ਕਿ ਕਿਸਾਨੀ ਪਿਛੋਕੜ ਵਾਲੀ ਇਹ ਸੰਸਥਾ ਹਰ ਸਮੇਂ ਗੁਣਵੱਤਾ ਤੇ ਭਰੋਸੇ ਲਈ ਜਾਣੀ ਜਾਂਦੀ ਹੈ | ਵੇਰਕਾ ਫ਼ਿਰੋਜ਼ਪੁਰ ਡੇਅਰੀ ਦੀ ਇਹ ਪੇਸ਼ਕਸ਼ ਲੋਕਾਂ ਦੀ ਜੇਬ 'ਚ ਰਾਹਤ ਲਿਆਉਣ ਦੇ ਨਾਲ-ਨਾਲ ਉਨ੍ਹਾਂ ਦੀ ਭਰੋਸੇਮੰਦ ਸਾਥੀ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੀ ਹੈ | ਡੇਅਰੀ ਪ੍ਰਸ਼ਾਸਨ ਅਨੁਸਾਰ ਇਹ ਪੇਸ਼ਕਸ਼ ਹਾਲੇ ਤਿੰਨ ਜ਼ਿਲਿ੍ਹਆਂ 'ਚ ਲਾਗੂ ਹੋ ਰਹੀ ਹੈ ਤੇ ਜਲਦ ਹੀ ਹੋਰ ਖੇਤਰਾਂ ਤੱਕ ਵੀ ਇਸ ਨੂੰ ਵਧਾਇਆ ਜਾ ਸਕਦਾ ਹੈ | ਇਸ ਮੌਕੇ ਉਨ੍ਹਾਂ ਨਾਲ ਡਿਪਟੀ ਮੈਨੇਜਰ ਮਾਰਕੀਟਿੰਗ ਚਸ਼ਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ |