ਫ਼ਿਰੋਜ਼ਪੁਰ, 6 ਸਤੰਬਰ (ਗੁਰਿੰਦਰ ਸਿੰਘ)- ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗੀਤਕਾਰ ਕਰਨ ਔਜਲਾ ਸਿਰਫ਼ ਗਾਇਕੀ ਤੱਕ ਹੀ ਸੀਮਤ ਨਹੀਂ ਰਹੇ ਬਲਕਿ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ | ਵਿਦੇਸ਼ਾਂ ਵਿਚ ਰਹਿੰਦੇ ਹੋਏ ਵੀ ਔਜਲਾ ਨੇ ਆਪਣੇ ਪਿੰਡਾਂ ਲਈ ਹਮੇਸ਼ਾ ਮਨ ਵਿਚ ਸਨੇਹ ਰੱਖਿਆ ਹੈ | ਹਾਲ ਵਿਚ ਆਏ ਹੜ੍ਹ ਕਾਰਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡ, ਖ਼ਾਸ ਕਰਕੇ ਗੱਟੀ ਰਾਜੋਕੇ, ਨਵੀਂ ਗੱਟੀ ਤੇ ਹੋਰ ਨਜ਼ਦੀਕੀ ਪਿੰਡ ਸਤਲੁਜ ਦਰਿਆ ਦੇ ਉਫਾਨ ਕਰਕੇ ਪਾਣੀ ਨਾਲ ਘਿਰ ਗਏ ਹਨ | ਇਨ੍ਹਾਂ ਇਲਾਕਿਆਂ ਵਿਚ ਲੋਕਾਂ ਨੂੰ ਆਉਣਾ-ਜਾਣਾ ਮੁਸ਼ਕਲ ਹੋ ਗਿਆ ਸੀ ਤੇ ਲੋਕ ਰਾਹਤ ਦੀ ਉਡੀਕ ਕਰ ਰਹੇ ਸਨ | ਇਸ ਘੜੀ ਵਿਚ ਕਰਨ ਔਜਲਾ ਨੇ ਇਕ ਜ਼ਿੰਮੇਵਾਰ ਪੰਜਾਬੀ ਵਜੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਕ ਕਿਸ਼ਤੀ ਭੇਜੀ, ਜੋ ਪਿੰਡ ਗੱਟੀ ਰਾਜੋਕੇ ਦੇ ਵਾਸੀਆਂ ਨੂੰ ਦਿੱਤੀ ਗਈ | ਇਸ ਕਿਸ਼ਤੀ ਰਾਹੀਂ ਨਾ ਸਿਰਫ਼ ਲੋਕਾਂ ਦੀ ਆਵਾਜਾਈ ਸੰਭਵ ਹੋਵੇਗੀ ਹੈ, ਬਲਕਿ ਬਜ਼ੁਰਗਾਂ, ਮਰੀਜ਼ਾਂ ਤੇ ਬੱਚਿਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ | ਪਿੰਡ ਗੱਟੀ ਰਾਜੋਕੇ ਦੇ ਸਰਪੰਚ ਤੇ ਪਿੰਡ ਵਾਸੀਆਂ ਨੇ ਕਰਨ ਔਜਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਵੇਲੇ ਸਾਡੀ ਹਾਲਤ ਨਾਜ਼ੁਕ ਸੀ, ਉਸ ਵੇਲੇ ਕਰਨ ਔਜਲਾ ਸਾਡੀ ਮਦਦ ਲਈ ਅੱਗੇ ਆਏ | ਉਨ੍ਹਾਂ ਵਲੋਂ ਦਿੱਤੀ ਗਈ ਕਿਸ਼ਤੀ ਨਾਲ ਸਾਡੇ ਲਈ ਆਉਣਾ-ਜਾਣਾ ਆਸਾਨ ਹੋਇਆ ਹੈ |