ਫ਼ਿਰੋਜ਼ਪੁਰ, 7 ਸਤੰਬਰ (ਗੁਰਿੰਦਰ ਸਿੰਘ)- ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸ਼ਾਮਲ ਸਰਹੱਦ 'ਤੇ ਵਸੇ ਪਿੰਡ ਟੇਂਡੀ ਵਾਲਾ ਦੀ ਸਥਿਤੀ ਹਾਲੇ ਵੀ ਗੰਭੀਰ ਬਣੀ ਹੋਈ ਹੈ | ਭਾਵੇਂ ਕੁੱਝ ਖੇਤਰਾਂ ਵਿਚ ਪਾਣੀ ਦਾ ਪੱਧਰ ਨੀਵਾਂ ਹੋਇਆ ਹੈ ਪਰ ਅੱਜ ਦੁਪਹਿਰ ਬਾਅਦ ਮੁੜ ਸ਼ੁਰੂ ਹੋਈ ਤੇਜ਼ ਬਰਸਾਤ ਨੇ ਲੋਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ | ਦੋ ਪਾਸਿਉਂ ਦਰਿਆ ਸਤਲੁਜ ਦੀ ਮਾਰ ਝੱਲ ਰਹੇ ਟੇਂਡੀ ਵਾਲਾ ਪਿੰਡ ਵਿਚ ਅਜੇ ਵੀ 4 ਤੋਂ 5 ਫੁੱਟ ਤੱਕ ਪਾਣੀ ਖੜ੍ਹਾ ਹੈ | ਇਹ ਪਾਣੀ ਸਿਰਫ਼ ਖੇਤਾਂ ਤੱਕ ਸਿਮਤ ਨਹੀਂ ਰਿਹਾ, ਸੜਕਾਂ 'ਤੇ ਵੀ ਪਾਣੀ ਚੜ੍ਹ ਆਉਣ ਕਰਕੇ ਆਵਾਜਾਈ ਮੁਕੰਮਲ ਤੌਰ 'ਤੇ ਠੱਪ ਹੋ ਚੁੱਕੀ ਹੈ | ਪਾਣੀ ਦੀ ਲਗਾਤਾਰ ਮੌਜੂਦਗੀ ਕਾਰਨ ਸੜਕਾਂ 'ਤੇ ਵੱਡੀਆਂ ਵੱਡੀਆਂ ਖਾਰਾਂ ਪੈ ਗਈਆਂ ਹਨ ਜਿਸ ਨਾਲ ਪੈਦਲ ਜਾਂ ਵਾਹਨ ਰਾਹੀਂ ਵੀ ਚੱਲਣਾ ਮੁਸ਼ਕਿਲ ਹੋ ਗਿਆ ਹੈ | ਸਥਿਤੀ ਇੰਨੀ ਵਿਗੜੀ ਹੋਈ ਹੈ ਕਿ ਰਾਹਤ ਕਾਰਜਾਂ ਲਈ ਵਰਤੀ ਜਾਣ ਵਾਲੀਆਂ ਚੱਪੂ ਵਾਲੀਆਂ ਕਿਸ਼ਤੀਆਂ ਵੀ ਕਿਸੇ ਕੰਮ ਨਹੀਂ ਆ ਰਹੀਆਂ, ਪਿੰਡ ਵਾਸੀਆਂ ਨੂੰ ਜਾਂ ਕਿਸੇ ਤਰ੍ਹਾਂ ਦੀ ਰਾਹਤ ਸਮਗਰੀ ਲੈ ਕੇ ਆਉਣ ਵਾਲਿਆਂ ਨੂੰ ਗੱਟੀ ਰਾਜੋ ਕੇ ਤੋਂ ਬੇੜੀ ਰਾਹੀਂ ਆਉਣਾ ਜਾਣਾ ਪੈ ਰਿਹਾ ਹੈ | ਪਿੰਡ ਦੇ ਲੋਕਾਂ ਨੇ ਦੱਸਿਆ ਕਿ ਆਮ ਦਿਨਾਂ ਦੌਰਾਨ ਪਿੰਡ ਤੋਂ 8-10 ਕਿਲੇ ਦੂਰ ਵਗਣ ਵਾਲੇ ਦਰਿਆ ਸਤਲੁਜ ਦਾ ਪਾਣੀ ਅੱਜ ਪਿੰਡ ਦੇ ਘਰਾਂ ਵਿਚ ਵੜ ਚੁੱਕਾ ਹੈ | ਹੜ੍ਹ ਦੇ ਪਾਣੀ ਦੀ ਮਾਰ ਨੇ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਕਰ ਦਿੱਤੀਆਂ ਹਨ, ਘਰਾਂ ਦੇ ਢਹਿ ਜਾਣ ਕਾਰਨ ਲੋਕਾਂ ਦੇ ਸਾਰੇ ਸਾਮਾਨ ਨਸ਼ਟ ਹੋ ਗਏ ਹਨ | ਬੱਚੇ, ਔਰਤਾਂ ਤੇ ਵੱਡੇ ਬਜ਼ੁਰਗ ਸਾਰੇ ਹੀ ਗੰਭੀਰ ਸਥਿਤੀ 'ਚ ਹਨ | ਪਿੰਡ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਵਲੋਂ ਇਲਾਕੇ ਨੂੰ ਵਧੇਰੇ ਸਹੂਲਤਾਂ ਤੇ ਮੁਆਵਜ਼ਾ ਦਿੱਤਾ ਜਾਵੇ | ਰੋਜ਼ਮੱਰਾ ਦੀ ਜ਼ਿੰਦਗੀ ਚਲਾਉਣ ਲਈ ਰਾਹਤ ਸਮਗਰੀ ਦੇ ਨਾਲ-ਨਾਲ ਢਹਿ ਚੁੱਕੇ ਘਰਾਂ ਦੀ ਮੁਰੰਮਤ ਲਈ ਵੀ ਮਦਦ ਕੀਤੀ ਜਾਵੇਗੀ ਹੈ |