29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਦੋ ਪਾਸਿਉਂ ਸਤਲੁਜ 'ਚ ਘਿਰੇ ਪਿੰਡ ਟੇਂਡੀ ਵਾਲਾ ਪਹੁੰਚੇ ਸੁਖਪਾਲ ਸਿੰਘ ਨੰਨੂੰ

Ad Position 21
No active advertisement
ਅਜੀਤ ਡੈਸਕ 08-09-2025
ਫ਼ਿਰੋਜ਼ਪੁਰ, 7 ਸਤੰਬਰ (ਗੁਰਿੰਦਰ ਸਿੰਘ)- ਹਿੰਦ-ਪਾਕਿ ਸਰਹੱਦ 'ਤੇ ਵਸੇ ਹੜ੍ਹ ਪ੍ਰਭਾਵਿਤ ਪਿੰਡ ਟੇਂਡੀ ਵਾਲਾ ਦੇ ਲੋਕਾਂ ਦੀ ਸਾਰ ਲੈਣ ਲਈ ਸਾਬਕਾ ਮੁੱਖ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂੰ ਅੱਜ ਬੇੜੀ ਰਾਹੀਂ ਪਿੰਡ ਟੇਂਡੀ ਵਾਲਾ ਪਹੁੰਚੇ | ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਹੜ੍ਹ ਕਾਰਨ ਪੈਦਾ ਹੋਏ ਦੁਖਦਾਈ ਦਿ੍ਸ਼ਾਂ ਨੂੰ ਦਿਲ ਤੋੜ ਦੇਣ ਵਾਲਾ ਦੱਸਿਆ ਅਤੇ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ | ਸ. ਨੰਨੂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੱਤਾ 'ਚ ਰਹੇ ਨੇਤਾਵਾਂ ਤੇ ਸਰਕਾਰਾਂ ਨੇ ਸਿਰਫ਼ ਚੋਣਾਂ ਦੌਰਾਨ ਇਨ੍ਹਾਂ ਸਰਹੱਦੀ ਲੋਕਾਂ ਨੂੰ ਵੋਟਾਂ ਲਈ ਵਰਤਿਆ ਪਰ ਕਿਸੇ ਨੇ ਵੀ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ | ਸ. ਨੰਨੂੰ ਨੇ ਕਿਹਾ ਕਿ ਸਤਲੁਜ ਦਰਿਆ ਦੇ ਤੇਜ਼ ਵਹਾਅ ਨੇ ਹਾਲਾਤ ਹੋਰ ਵੀ ਖ਼ਰਾਬ ਕਰ ਦਿੱਤੇ ਹਨ | ਖੇਤਾਂ ਤੋਂ ਬਾਅਦ ਘਰਾਂ ਵਿਚ ਪਾਣੀ ਦੇ ਦਾਖ਼ਲ ਹੋਣ ਕਾਰਨ ਪਿੰਡ ਵਿਚ ਜ਼ਿੰਦਗੀ ਠੱਪ ਹੋ ਚੁੱਕੀ ਹੈ, ਘਰ ਤਬਾਹ ਹੋ ਗਏ ਹਨ, ਰੋਜ਼ਗਾਰ ਖ਼ਤਮ ਹੋ ਗਿਆ ਹੈ, ਬੱਚਿਆਂ ਦੀ ਪੜ੍ਹਾਈ ਰੁਕ ਗਈ ਹੈ ਤੇ ਵੱਡੀ ਗਿਣਤੀ ਵਿਚ ਲੋਕ ਬੇਘਰ ਹੋ ਗਏ ਹਨ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਲੋਕਾਂ ਨੂੰ ਤੁਰੰਤ ਰਾਹਤ ਸਮਗਰੀ ਮੁਹੱਈਆ ਕਰਵਾਈ ਜਾਵੇ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ | ਸੁਖਪਾਲ ਸਿੰਘ ਨੰਨੂੰ ਨੇ ਸਰਕਾਰ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਹਰ ਸਾਲ ਹੜ੍ਹਾਂ ਦੀ ਮਾਰ ਝੱਲਦੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਕਿਸੇ ਸੁਰੱਖਿਅਤ ਥਾਂ 'ਤੇ 4-5 ਮਰਲੇ ਰਿਹਾਇਸ਼ੀ ਜਗ੍ਹਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਹ ਲੋਕ ਸਰਹੱਦ 'ਤੇ ਜੰਗਾਂ ਦੇ ਮਾਹੌਲ ਤੇ ਹਰ ਸਾਲ ਆਉਂਦੇ ਹੜ੍ਹਾਂ ਦੌਰਾਨ ਆਪਣੇ ਪਰਿਵਾਰ ਨੂੰ ਸਾਂਭ ਸਕਣ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਲੰਬੇ ਸਮੇਂ ਦੀ ਯੋਜਨਾ ਬਣਾਈ ਜਾਵੇ, ਜਿਸ ਵਿਚ ਪੱਕੇ ਬੰਨ੍ਹ, ਡਰੇਨ ਸਿਸਟਮ ਤੇ ਰਿਲੀਫ ਸੈਂਟਰਾਂ ਦੀ ਵਿਵਸਥਾ ਹੋਵੇ ਤਾਂ ਜੋ ਭਵਿੱਖ 'ਚ ਇਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਤਬਾਹੀ ਦਾ ਸਾਹਮਣਾ ਨਾ ਕਰਨਾ ਪਵੇ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਕਰ ਕੇ ਆਪਣੀ ਮਿੱਟੀ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਨਿਭਾ ਰਿਹਾ ਹਾਂ : ਖਿੰਡਾ
Ad Position 24