ਫ਼ਿਰੋਜ਼ਪੁਰ, 7 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ 'ਚ ਆਏ ਭਿਆਨਕ ਹੜ੍ਹਾਂ ਨੇ ਲੋਕਾਂ ਦੀ ਜ਼ਿੰਦਗੀ 'ਚ ਹਾਹਾਕਾਰ ਮਚਾ ਦਿੱਤਾ ਹੈ | ਮੌਜੂਦਾ ਸਮੇਂ ਵਿਚ ਸਰਹੱਦੀ ਪਿੰਡ ਟੇਂਡੀ ਵਾਲਾ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ 'ਚੋਂ ਇੱਕ ਬਣ ਗਿਆ ਹੈ, ਜਿੱਥੇ ਲੋਕ ਆਪਣੇ ਘਰ, ਜਾਨਵਰ ਤੇ ਫ਼ਸਲਾਂ ਦੇ ਨੁਕਸਾਨ ਕਾਰਨ ਗੰਭੀਰ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਇਸੇ ਸੰਦਰਭ ਵਿਚ ਪਿੰਡ ਵਾਸੀਆਂ ਦੀ ਬੇਨਤੀ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਦੇਰ ਸ਼ਾਮ ਵਰ੍ਹਦੇ ਮੀਂਹ ਵਿਚ ਟੇਂਡੀ ਵਾਲਾ ਪਿੰਡ ਦਾ ਦੌਰਾ ਕਰਦੇ ਹੋਏ ਹੜ੍ਹ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਤੇ ਉਨ੍ਹਾਂ ਦੀ ਭਲਾਈ ਲਈ ਸੁੱਖ-ਸ਼ਾਂਤੀ ਦੀ ਅਰਦਾਸ ਕੀਤੀ | ਜਥੇਦਾਰ ਸਾਹਿਬ ਨੇ ਗੁਰਬਾਣੀ ਦੀ ਰੌਸ਼ਨੀ ਵਿਚ ਲੋਕਾਂ ਨੂੰ ਹੌਂਸਲਾ ਦਿੱਤਾ ਤੇ ਕਿਹਾ ਕਿ ਸਿੱਖ ਸੰਸਥਾਵਾਂ ਅਤੇ ਸੇਵਾ ਸੰਗਠਨਾਂ ਨੂੰ ਅੱਗੇ ਆ ਕੇ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ | ਉਨ੍ਹਾਂ ਨੇ ਸੂਬਾ ਸਰਕਾਰ ਅਤੇ ਇਲਾਕਾ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਪਿੰਡਾਂ ਵਿਚ ਤੁਰੰਤ ਰਾਹਤ ਕਾਰਜ ਚਲਾਏ ਜਾਣ ਤੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲੰਗਰ, ਪਾਣੀ ਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕਰ ਰਹੀਆਂ ਹਨ | ਪਿੰਡ ਵਾਸੀਆਂ ਨੇ ਵੀ ਜਥੇਦਾਰ ਸਾਹਿਬ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਮੁੱਖ ਬੁਲਾਰੇ ਦਿਲਬਾਗ ਸਿੰਘ ਵਿਰਕ, ਯੂਥ ਅਕਾਲੀ ਆਗੂ ਸੁਰਿੰਦਰ ਸਿੰਘ ਬੱਬੂ ਆਦਿ ਮੌਜੂਦ ਸਨ |