ਜ਼ੀਰਾ, 24 ਸਤੰਬਰ (ਪ੍ਰਤਾਪ ਸਿੰਘ ਹੀਰਾ)- ਪੁਲਿਸ ਥਾਣਾ ਸਦਰ ਜ਼ੀਰਾ ਤੇ ਥਾਣਾ ਸਿਟੀ ਜ਼ੀਰਾ ਵਲੋਂ ਵੱਖ-ਵੱਖ ਥਾਵਾਂ ਤੋਂ 2 ਮੁਲਜ਼ਮਾਂ ਨੂੰ 12 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਥਾਣਾ ਸਦਰ ਜ਼ੀਰਾ ਦੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਮੇਹਰ ਸਿੰਘ ਵਾਲਾ ਤੋਂ ਕੱਚਰ ਭੰਨ ਨੂੰ ਜਾਂਦਿਆਂ ਇਕ ਨੌਜਵਾਨ ਨੂੰ ਪੈਦਲ ਆਉਂਦਿਆਂ ਦੇਖਿਆ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਭੱਜਣ ਲੱਗਾ, ਜਿਸ ਨੂੰ ਕਾਬੂ ਕਰਕੇ ਲਈ ਗਈ ਤਲਾਸ਼ੀ ਦੌਰਾਨ 7 ਗ੍ਰਾਮ ਹੈਰੋਇਨ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਬਲਕਾਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕੰਚਰ ਭੰਨ ਥਾਣਾ ਸਦਰ ਜ਼ੀਰਾ ਵਜੋਂ ਹੋਈ ਹੈ | ਇਸੇ ਤਰ੍ਹਾਂ ਥਾਣਾ ਸਿਟੀ ਜ਼ੀਰਾ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪੁਲ ਸੂਆ ਮੱਲੋ ਕੇ ਰੋਡ ਜ਼ੀਰਾ 'ਤੇ ਪੁੱਜੀ ਤਾਂ ਸਾਹਮਣੇ ਇਕ ਮੋਨਾ ਨੌਜਵਾਨ ਖੜ੍ਹਾ ਦਿਖਾਈ ਦਿੱਤਾ ਜਿਸ ਨੂੰ ਕਾਬੂ ਕਰਕੇ ਲਈ ਗਈ ਤਲਾਸ਼ੀ ਦੌਰਾਨ 5 ਗ੍ਰਾਮ ਹੈਰੋਇਨ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਮੰਦਾ ਪੁੱਤਰ ਗੁਰਚਰਨ ਸਿੰਘ ਵਾਸੀ ਸਨੇਰ ਥਾਣਾ ਸਦਰ ਜ਼ੀਰਾ ਵਜੋਂ ਹੋਈ ਹੈ | ਪੁਲਿਸ ਵਲੋਂ ਉਕਤ ਦੋਨਾਂ ਮੁਲਜ਼ਮਾਂ ਖ਼ਿਲਾਫ਼ ਸਬੰਧਿਤ ਥਾਣਿਆਂ 'ਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |