ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ)- ਜ਼ਿਲ੍ਹਾ ਪ੍ਰਧਾਨ (ਪੱਛਮੀ) ਗੁਰਮੀਤ ਸਿੰਘ ਘੋੜੇ ਚੱਕ ਦੀ ਅਗਵਾਈ ਹੇਠ ਕਿਸਾਨਾਂ ਨੇ ਡੀ.ਸੀ. ਫ਼ਿਰੋਜ਼ਪੁਰ ਨੂੰ ਇਕ ਮੰਗ ਪੱਤਰ ਸੌਂਪਿਆ | ਇਹ ਮੰਗ ਪੱਤਰ ਆਏ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਤੇ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਦੀ ਮਾਲਕੀ ਹੱਕਾਂ ਨਾਲ ਸਬੰਧਿਤ ਹੈ | ਮੰਗ ਪੱਤਰ 'ਚ ਕਿਹਾ ਗਿਆ ਹੈ ਕਿ ਦਰਿਆ ਸਤਲੁਜ 'ਚ ਆਏ ਹੜ੍ਹਾਂ ਕਾਰਨ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਫ਼ਸਲਾਂ, ਰਿਹਾਇਸ਼ੀ ਇਲਾਕਿਆਂ, ਪਸ਼ੂਆਂ ਤੇ ਮਨੁੱਖੀ ਜਾਨਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ | ਹੜ੍ਹਾਂ ਦੇ ਪਾਣੀ ਨਾਲ ਖੇਤਾਂ 'ਚ ਲੱਗੀਆਂ ਮੋਟਰਾਂ, ਸੰਦ ਤੇ ਬਿਜਲੀ ਦੇ ਉਪਕਰਨ ਵੀ ਖ਼ਰਾਬ ਹੋ ਗਏ ਹਨ | ਕਿਸਾਨ ਆਗੂਆਂ ਨੇ ਡੀ.ਸੀ. ਨੂੰ ਅਪੀਲ ਕੀਤੀ ਹੈ ਕਿ ਨੁਕਸਾਨੀਆਂ ਫ਼ਸਲਾਂ ਤੇ ਇਲਾਕਿਆਂ ਦੀ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ ਤੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਜਾਰੀ ਕੀਤਾ ਜਾਵੇ | ਇਸ ਦੇ ਨਾਲ ਹੀ ਸਤਲੁਜ ਦਰਿਆ ਦੇ ਨੁਕਸਾਨੇ ਗਏ ਕਿਨਾਰਿਆਂ (ਨੋਚਾਂ) ਦੀ ਮੁਰੰਮਤ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ | ਇਸ ਤੋਂ ਇਲਾਵਾ ਕਿਸਾਨਾਂ ਨੇ ਸਰਹੱਦੀ ਖੇਤਰ ਦੀਆਂ ਜ਼ਮੀਨਾਂ ਦੇ ਮਾਲਕੀ ਹੱਕਾਂ ਦਾ ਮੁੱਦਾ ਵੀ ਚੁੱਕਿਆ | ਉਨ੍ਹਾਂ ਦੱਸਿਆ ਕਿ 2007 ਦੀ ਨੀਤੀ 'ਚ ਬਦਲਾਅ ਕਾਰਨ ਕਿਸਾਨਾਂ ਤੋਂ ਉਨ੍ਹਾਂ ਦਾ ਮਾਲਕੀ ਹੱਕ ਖੋਹ ਲਿਆ ਗਿਆ ਸੀ ਜਦਕਿ ਭਾਰਤ-ਪਾਕਿ ਵੰਡ ਤੋਂ ਬਾਅਦ ਆਪਣੇ ਖ਼ਰਚੇ 'ਤੇ ਇਨ੍ਹਾਂ ਜ਼ਮੀਨਾਂ ਨੂੰ ਆਬਾਦ ਕੀਤਾ ਸੀ | ਉਨ੍ਹਾਂ ਕਿਹਾ ਕਿ 2018-19 ਦੇ ਹੜ੍ਹਾਂ ਦੌਰਾਨ ਇਨ੍ਹਾਂ ਜ਼ਮੀਨਾਂ ਦੀਆਂ ਗਿਰਦਾਵਰੀਆਂ ਤੋੜ ਦਿੱਤੀਆਂ ਗਈਆਂ ਸਨ ਜਦਕਿ ਕਿਸਾਨ ਅੱਜ ਵੀ ਇਨ੍ਹਾਂ ਜ਼ਮੀਨਾਂ 'ਤੇ ਖੇਤੀ ਕਰ ਰਹੇ ਹਨ | ਕਿਸਾਨ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਜ਼ਮੀਨਾਂ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਮਾਲਕੀ ਹੱਕ ਵਾਪਸ ਦਿੱਤਾ ਜਾਵੇ | ਇਸ ਮੌਕੇ ਪਰਮਜੀਤ ਸਿੰਘ ਭੁੱਲਰ ਜ਼ਿਲ੍ਹਾ ਮੀਤ ਪ੍ਰਧਾਨ, ਅਮਰਜੀਤ ਸਿੰਘ ਗੱਜਨੀ ਵਾਲਾ ਬਲਾਕ ਮੀਤ ਪ੍ਰਧਾਨ ਲੱਖੋਕੇ, ਲਖਵਿੰਦਰ ਸਿੰਘ ਭੁੱਲਰ ਬਲਾਕ ਯੂਥ ਪ੍ਰਧਾਨ ਫ਼ਿਰੋਜ਼ਪੁਰ, ਬਲਕਾਰ ਸਿੰਘ ਰਹੀਮੇ ਕੇ, ਅਮਰਜੀਤ ਸਿੰਘ, ਸ਼ਿੰਦਰਪਾਲ ਸਿੰਘ ਇਕਾਈ ਪ੍ਰਧਾਨ, ਸੁਖਪਾਲ ਸਿੰਘ ਸਰਪੰਚ, ਗੁਣਵੰਤ ਸਿੰਘ ਬਲਾਕ ਪ੍ਰਧਾਨ ਫ਼ਿਰੋਜ਼ਪੁਰ, ਗੁਰਜੰਟ ਸਿੰਘ ਜ਼ਿਲ੍ਹਾ ਵਰਕਿੰਗ ਕਮੇਟੀ ਮੈਂਬਰ ਫ਼ਿਰੋਜ਼ਪੁਰ ਅਤੇ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ |