ਗੁਰੂਹਰਸਹਾਏ, 24 ਸਤੰਬਰ (ਹਰਚਰਨ ਸਿੰਘ ਸੰਧੂ)- ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਬਲਾਕ ਗੁਰੂਹਰਸਹਾਏ ਸਰਕਲ ਕੋਹਰ ਸਿੰਘ ਵਾਲਾ ਦੇ ਪਿੰਡ ਵਿਰਕ ਖ਼ੁਰਦ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰੂਹਰਸਹਾਏ ਵਲੋਂ ਸੀ.ਆਰ.ਐਮ. ਸਕੀਮ ਅਧੀਨ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਕਰਦੇ ਖੇਤੀਬਾੜੀ ਵਿਕਾਸ ਅਫ਼ਸਰ ਅਮਨਦੀਪ ਸਿੰਘ ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਦੀ ਸਾਂਭ-ਸੰਭਾਲ ਬਾਰੇ ਦੱਸਦਿਆਂ ਅਪੀਲ ਕੀਤੀ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਜਿਵੇਂ ਕਿ ਸੁਪਰ ਸੀਡਰ, ਮਲਚਰ, ਆਰ.ਐਮ.ਬੀ. ਪਲਾਓ, ਹੈਪੀ ਸੀਡਰ, ਸੁਪਰ ਐੱਸ.ਐਮ.ਐੱਸ. ਆਦਿ ਦੀ ਵਰਤੋਂ ਕਰਕੇ ਬਿਜਾਈ ਕੀਤੀ ਜਾਵੇ | ਇਸ ਤੋਂ ਹੋਣ ਵਾਲੇ ਧੂੰਏਾ ਨਾਲ ਵਾਤਾਵਰਨ ਦੇ ਨੁਕਸਾਨ ਅਤੇ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਬਾਰੇ ਜਾਣੂ ਕਰਵਾਇਆ ਗਿਆ | ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਮਿੱਟੀ 'ਤੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਜਿਵੇਂ ਕਿ ਮਿੱਟੀ ਵਿਚੋਂ ਜ਼ਰੂਰੀ ਖੁਰਾਕੀ ਤੱਤਾਂ ਨਾਈਟਰੋਜਨ, ਫਾਸਫੋਰਸ, ਪੋਟਾਸ਼ੀਅਮ, ਸਲਫ਼ਰ ਅਤੇ ਜੈਵਿਕ ਕਾਰਬਨ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਅਤੇ ਸੂਖਮ ਜੀਵਾਂ ਦੀ ਮਿੱਟੀ ਦੇ ਉਪਜਾਊਪਣ ਵਿਚ ਮਹੱਤਤਾ ਤੋਂ ਜਾਣੂ ਕਰਵਾਇਆ | ਖੇਤੀਬਾੜੀ ਉਪ ਨਿਰੀਖਕ ਜਰਮਨਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਝੋਨੇ ਦੀ ਕਟਾਈ ਸੁਪਰ ਐੱਸ.ਐਮ.ਐੱਸ ਵਾਲੀ ਮਸ਼ੀਨ ਤੋਂ ਹੀ ਕਰਵਾਈ ਜਾਵੇ | ਉਨ੍ਹਾਂ ਕਿਹਾ ਜੇਕਰ ਸੁਪਰ ਐੱਸ.ਐਮ.ਐੱਸ. ਵਾਲੀ ਕੰਬਾਈਨ ਨਾਲ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ ਤਾਂ ਕਿਸਾਨਾਂ ਨੂੰ ਵਾਧੂ ਖ਼ਰਚੇ ਤੋਂ ਬਚ ਕੇ ਕਣਕ ਦੀ ਬਿਜਾਈ ਜ਼ੀਰੋ ਡਰਿੱਲ ਜਾਂ ਸੁਪਰ ਸੀਡਰ ਨਾਲ ਕੀਤੀ ਜਾ ਸਕਦੀ ਹੈ | ਇਸ ਤੋਂ ਬਾਅਦ ਝੋਨੇ ਦੇ ਖੇਤ ਵਿਚ ਆ ਰਹੀਆਂ ਬਿਮਾਰੀਆਂ ਤੇ ਕੀੜੇ ਮਕੌੜਿਆਂ 'ਤੇ ਹਮਲੇ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ | ਕੈਂਪ ਵਿਚ ਪਿੰਡ ਦੇ ਅਗਾਂਹਵਧੂ ਕਿਸਾਨ ਸਰਪੰਚ ਮੱਖਣ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਜਸਕਰਨ ਸਿੰਘ, ਤਰਲੋਕ ਸਿੰਘ, ਬਲਵੰਤ ਸਿੰਘ ਆਦਿ ਕਿਸਾਨ ਹਾਜ਼ਰ ਸਨ, ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਵਿਭਾਗ ਵਲੋਂ ਦਿੱਤੀਆਂ ਹਦਾਇਤਾਂ ਮੁਤਾਬਿਕ ਪਾਲਨਾ ਕਰਨ ਦਾ ਭਰੋਸਾ ਦਿੱਤਾ |