ਮੁੱਦਕੀ, 25 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਹਿਮਾਲੀਅਨ ਫਾਉਂਡੇਸ਼ਨ ਲਿਕ ਵਰਕਰ ਸਕੀਮ ਵਲੋਂ ਪਿੰਡ ਕੋਟ ਕਰੋੜ ਕਲਾਂ ਵਿਖੇ ਇਕ ਵਿਸ਼ੇਸ਼ ਐੱਚ.ਆਈ.ਵੀ. ਏਡਜ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ | ਸੈਸ਼ਨ ਦਾ ਮੁੱਖ ਉਦੇਸ਼ ਪਿੰਡ ਦੇ ਲੋਕਾਂ ਨੂੰ ਇਸ ਗੰਭੀਰ ਬਿਮਾਰੀ ਬਾਰੇ ਸਹੀ ਜਾਣਕਾਰੀ ਦੇਣਾ ਸੀ | ਟਰੇਨਿੰਗ ਸੈਸ਼ਨ ਵਿਚ ਫਾਉਂਡੇਸ਼ਨ ਪੋ੍ਰਜੈਕਟ ਮੈਨੇਜਰ ਟਿਉਇਨਸ ਅਰੋੜਾ, ਡੀ.ਆਰ.ਪੀ. ਚਰਨਜੀਤ ਸਿੰਘ ਤੇ ਜ਼ੋਨਲ ਸੁਪਰਵਾਈਜ਼ਰ ਨੇ 2017 ਦੇ ਐੱਚ.ਆਈ.ਵੀ. ਐਕਟ ਬਾਰੇ ਵੀ ਚਾਨਣਾ ਪਾਇਆ ਗਿਆ ਜੋ ਪ੍ਰਭਾਵਿਤ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਰੋਕਣ ਲਈ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਓ.ਓ.ਏ.ਟੀ. ਤੇ ਓ.ਐੱਸ.ਟੀ. ਸੈਂਟਰਾਂ ਬਾਰੇ ਵੀ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਿਸੇ ਪ੍ਰਭਾਵਿਤ ਵਿਅਕਤੀ ਦੀ ਵਰਤੀ ਹੋਈ ਸੂਈ ਸਰਿੰਜਾਂ ਦਾ ਇਸਤੇਮਾਲ ਕਰਨ, ਪ੍ਰਭਾਵਿਤ ਵਿਅਕਤੀ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਣਾਉਣ, ਬਿਨਾਂ ਜਾਂਚ ਕੀਤੇ ਖ਼ੂਨ ਜਾਂ ਖ਼ੂਨ ਦੇ ਪਦਾਰਥ ਚੜ੍ਹਾਉਣ ਤੇ ਐੱਚ.ਆਈ.ਵੀ. ਪ੍ਰਭਾਵਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ ਜਣੇਪੇ ਦੌਰਾਨ ਜਾਂ ਉਸ ਤੋਂ ਤੁਰੰਤ ਬਾਅਦ ਐੱਚ.ਆਈ.ਵੀ. ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਮੱਛਰ ਕੱਟਣ ਨਾਲ, ਕਿਸੇ ਨਾਲ ਖਾਣ-ਪੀਣ ਸਾਂਝਾ ਕਰਨ ਨਾਲ, ਕਿਸੇ ਦੇ ਕੱਪੜੇ ਪਾਉਣ, ਉਸ ਦੇ ਬਰਤਨ ਜਾਂ ਟਾਇਲਟ ਵਰਤਣ ਨਾਲ ਐੱਚ.ਆਈ.ਵੀ. ਨਹੀਂ ਫੈਲਦਾ | ਇਸ ਤੋਂ ਇਲਾਵਾ ਸਿਵਲ ਹਸਪਤਾਲ 'ਚ ਉਪਲਬਧ ਮੁਫ਼ਤ ਇਲਾਜ ਦੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ |