ਫਿਰੋਜ਼ਪੁਰ, 25 ਸਤੰਬਰ (ਗੁਰਿੰਦਰ ਸਿੰਘ)- ਸਰਕਾਰੀ ਬਹੁ-ਤਕਨੀਕੀ ਕਾਲਜ ਫਿਰੋਜ਼ਪੁਰ ਵਲੋਂ ਵਿਦਿਆਰਥੀਆਂ 'ਚ ਗੁਣਵੱਤਾ ਦੇ ਮਾਪਦੰਡਾਂ ਤੇ ਉਪਭੋਗਤਾ ਅਧਿਕਾਰਾਂ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਬਿਊਰੋ ਆਫ਼ ਇੰਡੀਅਨ ਸਟੈਂਡਰਡ ਦਾ ਕੁਆਲਿਟੀ ਕਨੈੱਕਟ ਪ੍ਰੋਗਰਾਮ ਕਰਵਾਇਆ ਗਿਆ | ਮੌਕੇ ਚੰਡੀਗੜ੍ਹ ਤੋਂ ਪਹੁੰਚੇ ਸਟੈਂਡਰਡ ਪਰਮੋਸ਼ਨ ਅਫਸਰ ਵਿਕਸਿਤ ਕੁਮਾਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸੰਵਾਦ ਕਰਦਿਆਂ ਬੀ.ਆਈ.ਐੱਸ. ਦੀ ਭੂਮਿਕਾ, ਕੇਅਰ ਐਪ, ਹੋਲ ਮਾਰਕਿੰਗ ਤੇ ਕੰਪਲਸਰੀ ਰਜਿਸਟਰੇਸ਼ਨ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਪ੍ਰੋਗਰਾਮ ਦੀ ਸ਼ੁਰੂਆਤ ਇੰਟਰੈਕਟਿਵ ਸੈਸ਼ਨ ਨਾਲ ਹੋਈ ਜਿਸ ਵਿਚ ਵਿਦਿਆਰਥੀਆਂ ਨੂੰ ਭਵਿੱਖ 'ਚ ਉੱਚ ਪੱਧਰੀ ਗੁਣਵੱਤਾ ਸੰਸਕਿ੍ਤੀ (ਕੁਆਲਿਟੀ ਕਲਚਰ) ਅਪਣਾਉਣ ਲਈ ਪ੍ਰੇਰਿਤ ਕੀਤਾ | ਸੈਮੀਨਾਰ 'ਚ ਇਲੈਕਟਰੀਕਲ, ਮਕੈਨਿਕਲ, ਕੰਪਿਊਟਰ ਸਾਇੰਸ ਤੇ ਇਲੈਕਟਰੋਨਿਕਸ ਇੰਜੀਨੀਅਰਿੰਗ ਵਿਭਾਗਾਂ ਦੇ ਵਿਦਿਆਰਥੀਆਂ ਤੇ ਲੈਕਚਰਾਰਾਂ ਨੇ ਭਾਗ ਲਿਆ | ਕਾਲਜ ਪਿ੍ੰਸੀਪਲ ਇੰਜੀ. ਜਤਿੰਦਰਪਾਲ ਨੇ ਬੀ.ਆਈ.ਐੱਸ. ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਵਿਚ ਗੁਣਵੱਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਸਟਾਫ਼ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਤੱਕ ਵੀ ਬੀ.ਆਈ.ਐੱਸ. ਸੰਦੇਸ਼ ਪਹੁੰਚਾਉਣ ਵਿਚ ਯੋਗਦਾਨ ਪਾਉਣ | ਇਹ ਪ੍ਰੋਗਰਾਮ ਇੰਜੀ. ਕਰਨ ਆਨੰਦ ਬੀ.ਆਈ.ਐੱਸ. ਮੈਂਬਰ ਦੀ ਅਗਵਾਈ ਹੇਠ ਸਫਲਤਾਪੂਰਵਕ ਕਰਵਾਇਆ ਗਿਆ |