ਚੋਰੀ ਦੇ ਟਰਾਲੇ ਸਮੇਤ ਇਕ ਵਿਅਕਤੀ ਕਾਬੂ
ਅਜੀਤ ਡੈਸਕ
28-09-2025
ਤਲਵੰਡੀ ਭਾਈ, 27 ਸਤੰਬਰ (ਰਵਿੰਦਰ ਸਿੰਘ ਬਜਾਜ)- ਪੁਲਿਸ ਥਾਣਾ ਤਲਵੰਡੀ ਭਾਈ ਵਲੋਂ ਚੋਰੀ ਦੇ ਪਰਾਲੀ ਵਾਲੇ ਟਰਾਲੇ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਹੌਲਦਾਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਇਕ ਮੁਲਜ਼ਮ ਪਰਾਲੀ ਵਾਲਾ ਟਰਾਲਾ ਚੋਰੀ ਕਰਕੇ ਵੇਚਣ ਲਈ ਆਪਣੇ ਟਰੈਕਟਰ ਮਗਰ ਪਾ ਕੇ ਜ਼ੀਰਾ ਸਾਈਡ ਨੂੰ ਜਾ ਰਿਹਾ ਹੈ, ਜੇਕਰ ਹੁਣੇ ਹੀ ਢੁਕਵੀਂ ਜਗ੍ਹਾ 'ਤੇ ਨਾਕਾਬੰਦੀ ਕੀਤੀ ਜਾਵੇ ਤਾਂ ਚੋਰੀਸ਼ੁਦਾ ਪਰਾਲੀ ਵਾਲੇ ਟਰਾਲੇ ਸਮੇਤ ਕਾਬੂ ਆ ਸਕਦਾ ਹੈ | ਹੌਲਦਾਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਇਤਲਾਹ ਠੋਸ ਤੇ ਭਰੋਸੇਯੋਗ ਹੋਣ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਸੋਨੂੰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕਟੋਰਾ ਥਾਣਾ ਆਰਿਫ਼ ਕੇ ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ ਇਕ ਪ੍ਰੀਤ ਟਰੈਕਟਰ, ਇਕ ਪਰਾਲੀ ਢੋਣ ਵਾਲਾ ਟਰਾਲਾ ਬਰਾਮਦ ਕੀਤਾ ਗਿਆ | ਪੁਲਿਸ ਵਲੋਂ ਉਕਤ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |
ਹੈਰੋਇਨ ਸਮੇਤ 2 ਮੁਲਜ਼ਮ ਕਾਬੂ
ਮੱਲਾਂਵਾਲਾ, 27 ਸਤੰਬਰ (ਗੁਰਦੇਵ ਸਿੰਘ)- ਥਾਣਾ ਮੱਲਾਂਵਾਲਾ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਜਦ ਪੁਲਿਸ ਪਾਰਟੀ ਰਾਧਾ ਸੁਆਮੀ ਡੇਰਾ ਮੱਲਾਂਵਾਲਾ ਕੋਲ ਪੁੱਜੀ ਤਾਂ 2 ਮੋਨੇ ਨੌਜਵਾਨ ਸੜਕ ਦੇ ਖੱਬੇ ਹੱਥ ਖੜੇ ਪੁਲਿਸ ਪਾਰਟੀ ਨੂੰ ਵੇਖ ਕੇ ਖਿਸਕਣ ਲੱਗੇ, ਜਿਨ੍ਹਾਂ ਨੂੰ ਕਾਬੂ ਕਰਕੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਹਿਚਾਣ ਗੋਲਡੀ ਪੁੱਤਰ ਜੰਗੀਰਾ ਵਾਸੀ ਚੰਗਾਲੀ ਜਦੀਦ ਤੇ ਕਾਰਜ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਰੁਕਣ ਸ਼ਾਹ ਵਾਲਾ ਵਜੋਂ ਹੋਈ ਹੈ ਜਿਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ |