ਤਲਵੰਡੀ ਭਾਈ, 27 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਲੜਕੀਆਂ ਦੇ ਵਿੱਦਿਅਕ ਅਦਾਰਿਆਂ 'ਚ ਆਉਣ ਜਾਣ ਸਮੇਂ ਹੁੱਲੜਬਾਜ਼ੀ ਕਰਨ ਕਰਨ ਵਾਲਿਆਂ 'ਤੇ ਟਰੈਫ਼ਿਕ ਪੁਲਿਸ ਵਲੋਂ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਤਲਵੰਡੀ ਭਾਈ ਟਰੈਫ਼ਿਕ ਪੁਲਿਸ ਦੇ ਇੰਚਾਰਜ ਗੁਰਪ੍ਰੀਤ ਸਿੰਘ ਮੁੱਦਕੀ ਦੀ ਅਗਵਾਈ ਹੇਠਲੀ ਟੀਮ ਵਲੋਂ ਵਿੱਦਿਅਕ ਅਦਾਰਿਆਂ ਦੇ ਨੇੜੇ ਅਤੇ ਲੜਕੀਆਂ ਦੇ ਆਉਣ ਜਾਣ ਵਾਲੀਆਂ ਥਾਵਾਂ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ | ਇੱਥੇ ਦੱਸਣਯੋਗ ਹੈ ਕਿ ਜਦੋਂ ਸਕੂਲ ਜਾਂ ਵਿੱਦਿਅਕ ਅਦਾਰਿਆਂ ਵਿਚ ਆਉਣ ਜਾਂ ਛੁੱਟੀ ਦੇ ਸਮੇਂ ਮਨਚਲੇ ਨੌਜਵਾਨ ਉਕਤ ਥਾਵਾਂ 'ਤੇ ਘੁੰਮਣ ਲੱਗਦੇ ਹਨ ਅਤੇ ਆਮ ਤੌਰ 'ਤੇ ਲੜਕੀਆਂ ਨੂੰ ਤੰਗ ਪੇ੍ਰਸ਼ਾਨ ਵੀ ਕਰਦੇ ਹਨ ਜਿਸ ਸਬੰਧੀ ਲੋਕਾਂ ਵਲੋਂ ਸਮੇਂ ਸਮੇਂ 'ਤੇ ਅਜਿਹੇ ਗ਼ਲਤ ਅਨਸਰਾਂ ਨੂੰ ਨੱਥ ਪਾਉਣ ਦੀ ਮੰਗ ਉਠਾਈ ਜਾਂਦੀ ਹੈ | ਏ.ਐਸ.ਆਈ. ਗੁਰਪ੍ਰੀਤ ਸਿੰਘ ਮੁੱਦਕੀ ਨੇ ਦੱਸਿਆ ਕਿ ਅਜਿਹਾ ਕਰਨ ਵਾਲੇ ਨੌਜਵਾਨਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਜਦਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਚਲਾਨ ਵੀ ਕੱਟੇ ਜਾਣਗੇ |