ਫ਼ਿਰੋਜ਼ਪੁਰ, 27 ਸਤੰਬਰ (ਰਾਕੇਸ਼ ਚਾਵਲਾ)- ਜੰਮੂ-ਕਸ਼ਮੀਰ ਤੋਂ ਆਏ ਸੰਤ ਸਮਾਜ ਟਰੱਸਟ ਦੇ ਸੰਗਠਨ ਸਕੱਤਰ ਮਹੰਤ ਰਾਜੇਸ਼ ਗਿਰੀ ਨੇ ਫ਼ਿਰੋਜ਼ਪੁਰ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸਮਾਧ 'ਤੇ ਫ਼ੁਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ | ਇਸ ਮੌਕੇ ਉਹ ਭਾਵੁਕ ਹੋ ਗਏ ਤੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਿਰਫ਼ ਇਕ ਨਾਮ ਨਹੀਂ, ਸਗੋਂ ਦੇਸ਼ ਭਗਤੀ ਤੇ ਕੁਰਬਾਨੀ ਦੀ ਇਕ ਸੋਚ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ | ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮਹੰਤ ਰਾਜੇਸ਼ ਗਿਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ | ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ-ਸੁੱਖ ਸਾਂਝੇ ਕੀਤੇ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਉਨ੍ਹਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿਚ ਵੀ ਸੰਤ ਸਮਾਜ ਸੰਗਠਨ ਵਲੋਂ ਹਰ ਰੋਜ਼ 200-300 ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਦਿੱਤੀਆਂ ਜਾ ਰਹੀਆਂ ਹਨ | ਇਸ ਦੌਰੇ ਵਿਚ ਹਾਰਮਨੀ ਵਨਾਯਮ ਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਨੇ ਵੀ ਸਹਿਯੋਗ ਦਿੱਤਾ | ਧਰਮਪਾਲ ਬਾਂਸਲ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਡਾਕਟਰੀ ਸਹਾਇਤਾ ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਟੀਮਾਂ ਤਿਆਰ ਕੀਤੀਆਂ ਹਨ | ਇਸ ਮੌਕੇ ਜਗਦੇਵ ਸਿੰਘ, ਗੁਰੂ ਸੁਰਿਸ਼ੀ ਮਹੰਤ, ਮਹੰਤ ਸੋਮਾ ਅਨੰਦ, ਸੋਨੂੰ (ਰਾਇਸ ਸ਼ੈਲਰ ਮਾਲਕ ਜੰਮੂ ਤੇ ਕਸ਼ਮੀਰ), ਡਾ. ਅਨਿਲ ਪੰਡਿਤ, ਕੈਲਾਸ਼ ਸ਼ਰਮਾ ਆਦਿ ਸ਼ਾਮਲ ਸਨ |