ਫ਼ਿਰੋਜ਼ਪੁਰ, 27 ਸਤੰਬਰ (ਰਾਕੇਸ਼ ਚਾਵਲਾ)-ਭਾਰਤ ਸਰਕਾਰ ਦੀ ਸਿਹਤਮੰਦ ਮਹਿਲਾ ਸਸ਼ਕਤ ਪਰਿਵਾਰ ਮੁਹਿੰਮ ਤਹਿਤ ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਨੇ ਡਵੀਜ਼ਨਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦੋ ਦਿਨਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਇਸ ਦਾ ਉਦਘਾਟਨ ਕੀਤਾ | ਇਹ ਦੋ ਦਿਨਾਂ ਕੈਂਪ 26 ਤੇ 27 ਸਤੰਬਰ ਨੂੰ ਮੁੱਖ ਮੈਡੀਕਲ ਸੁਪਰਡੈਂਟ ਡਾ. ਰੰਜਨਾ ਸਹਿਗਲ ਦੀ ਅਗਵਾਈ ਹੇਠ ਲਗਾਇਆ ਗਿਆ ਸੀ | ਕੈਂਪ ਰੇਲਵੇ ਮੈਡੀਕਲ ਵਿਭਾਗ ਦੁਆਰਾ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਲਗਾਇਆ | ਖ਼ੂਨਦਾਨ ਕੈਂਪ 'ਚ ਰੇਲਵੇ ਅਧਿਕਾਰੀਆਂ ਸਮੇਤ 100 ਤੋਂ ਵੱਧ ਰੇਲਵੇ ਕਰਮਚਾਰੀਆਂ ਨੇ ਖ਼ੂਨਦਾਨ ਕੀਤਾ | ਇਕੱਠਾ ਕੀਤਾ ਗਿਆ ਸਾਰਾ ਖ਼ੂਨ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਬਲੱਡ ਬੈਂਕ ਨੂੰ ਭੇਜਿਆ ਗਿਆ | ਖ਼ੂਨਦਾਨ ਕਰਨ ਵਾਲੇ ਸਾਰੇ ਰੇਲਵੇ ਕਰਮਚਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਡਾ. ਤਨੂ ਅਗਰਵਾਲ, ਡਾ. ਸ਼ਿਵਾਨੀ ਤੇ ਡਾ. ਕਮਲ ਕੁਮਾਰ ਨੇ ਇਸ ਖ਼ੂਨਦਾਨ ਕੈਂਪ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ | ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਕਿਹਾ ਕਿ ਖ਼ੂਨਦਾਨ ਇੱਕ ਮਹਾਨ ਦਾਨ ਹੈ ਤੇ ਸਾਰਿਆਂ ਦਾ ਖ਼ੂਨਦਾਨ ਕਰਨ ਲਈ ਧੰਨਵਾਦ ਕੀਤਾ ਤੇ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਖ਼ੂਨਦਾਨ ਲੋੜਵੰਦਾਂ ਦੀ ਜਾਨ ਬਚਾ ਸਕਦਾ ਹੈ | ਇਸ ਲਈ ਖ਼ੂਨਦਾਨ ਕਰਨਾ ਬਹੁਤ ਜ਼ਰੂਰੀ ਹੈ |