ਅਬੋਹਰ, 27 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) ਅਬੋਹਰ ਸ਼ਟਲਰ ਬੈਡਮਿੰਟਨ ਅਕੈਡਮੀ ਦੇ 2 ਹੋਣਹਾਰ ਖਿਡਾਰੀ ਸ਼ਿਵੈਨ ਢੀਂਗਰਾ ਤੇ ਲਿਹਾਜ਼ਦੀਪ ਕੌਰ ਨੇ ਪੰਚਕੂਲਾ ਵਿਚ ਹੋਈ ਰਾਸ਼ਟਰੀ ਸਬ ਜੂਨੀਅਰ ਰੈਂਕਿੰਗ ਵਿਚ ਕੁਆਲੀਫ਼ਾਈ ਕਰਕੇ ਰਾਸ਼ਟਰੀ ਪੱਧਰ ਪ੍ਰਤੀਯੋਗਤਾ ਵਿਚ ਆਪਣਾ ਸਥਾਨ ਪੱਕਾ ਕੀਤਾ ਹੈ | ਇਹ ਕੀਰਤੀਮਾਨ ਸਥਾਪਿਤ ਕਰਨ ਵਾਲੇ ਇਹ ਦੋਨੋਂ ਖਿਡਾਰੀਆਂ ਨੇ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਪਹਿਲੀ ਵਾਰ ਅਜਿਹਾ ਕਰਕੇ ਇਤਿਹਾਸ ਰਚ ਦਿੱਤਾ ਹੈ | ਅੰਡਰ 17 ਮਿਕਸ ਡਬਲ ਵਿਚ ਸ਼ਿਵੈਲ ਢੀਂਗਰਾ ਤੇ ਲਿਹਾਜ਼ਦੀਪ ਕੌਰ ਦੀ ਜੋੜੀ ਇਕ ਅਜਿਹੀ ਜੋੜੀ ਸੀ ਜਿਸ ਨੇ ਪੰਜਾਬ ਵਲੋਂ ਖੇਡਦੇ ਹੋਏ ਇਸ ਕੈਟਾਗਰੀ ਵਿਚ ਕੁਆਲੀਫ਼ਾਈ ਕਰਕੇ ਨੈਸ਼ਨਲ ਪ੍ਰਤੀਯੋਗਤਾ ਵਿਚ ਸਥਾਨ ਬਣਾਇਆ ਜਦਕਿ ਪੰਜਾਬ ਦਾ ਹੋਰ ਕੋਈ ਵੀ ਖਿਡਾਰੀ ਅੰਡਰ 17 ਵਿਚ ਕੁਆਲੀਫ਼ਾਈ ਨਹੀਂ ਕਰ ਸਕਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਲੰਧਰ ਵਿਚ ਹੋਈ ਸੂਬਾ ਪੱਧਰੀ ਜੂਨੀਅਰ ਰੈਂਕਿੰਗ ਵਿਚ ਵੀ ਦੋਨੋਂ ਖਿਡਾਰੀਆਂ ਨੇ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਬਣਾਇਆ ਸੀ | ਇਹ ਉਪਲਬਧੀ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਹੁਣ ਤੱਕ ਦੀ ਕੈਟਾਗਰੀ ਵਿਚ ਸਭ ਤੋਂ ਵੱਡੀ ਉਪਲਬਧੀ ਹੈ ਜਿਸ ਤਹਿਤ ਫ਼ਾਜ਼ਿਲਕਾ ਬੈਡਮਿੰਟਨ ਸੰਗਠਨ ਦੇ ਆਗੂਆਂ ਵਲੋਂ ਜਲਦੀ ਇਨ੍ਹਾਂ ਦੋਨਾਂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਇਹ ਉਪਲਬਧੀ ਹਾਸਲ ਕਰਨ 'ਤੇ ਦੋਨਾਂ ਖਿਡਾਰੀਆਂ ਦੇ ਮਾਪਿਆਂ ਨੇ ਅਬੋਹਰ ਸ਼ਟਲਰ ਬੈਡਮਿੰਟਨ ਅਕੈਡਮੀ ਦੇ ਕੋਚ ਸ਼ਮਸ਼ੇਰ ਢਿੱਲੋਂ ਤੇ ਡਾਕਟਰ ਅਮਨਦੀਪ ਸਿੰਘ ਅੰਚਲਾ ਦਾ ਧੰਨਵਾਦ ਕੀਤਾ ਹੈ |