ਵਾੜਾ ਕਾਲੀ ਰਾਉਣ ਦੇ 16 ਦੇ ਕਰੀਬ ਘਰ ਸਤਲੁਜ ਦਰਿਆ ਨੇ ਕੀਤੇ ਢਹਿ-ਢੇਰੀ
ਖੁੱਲੇ੍ਹ ਅਸਮਾਨ ਥੱਲੇ ਤੰਬੂ ਲਾ ਕੇ ਬੈਠੇ ਹੜ੍ਹ ਪ੍ਰਭਾਵਿਤ | ਤਸਵੀਰਾਂ-ਕੁਲਵਿੰਦਰ ਸਿੰਘ ਸੰਧੂ
<br/>
ਹੜ੍ਹਾਂ ਨਾਲ ਹੋਏ ਨੁਕਸਾਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਹੰਸਾ ਸਿੰਘ ਅਤੇ ਪਿੰਡ ਵਾਸੀ | (ਸੱਜੇ) ਬਗੀਚਾ ਸਿੰਘ ਆਪਣੇ ਢੱਠੇ ਮਕਾਨ ਸੰਬੰਧੀ ਜਾਣਕਾਰੀ ਦਿੰਦੇ ਹੋਏ | ਤਸਵੀਰਾਂ-ਕੁਲਵਿੰਦਰ ਸਿੰਘ ਸੰਧੂ
<br/>
29-09-2025
ਮੱਖੂ, 28 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਬਲਾਕ ਮੱਖੂ ਦੇ ਪਿੰਡ ਵਾੜਾ ਕਾਲੀ ਰਾਉਣ ਨੂੰ ਸਤਲੁਜ ਦਰਿਆ ਵਲੋਂ ਢਾਅ ਨੇ ਧੁੱਸੀ ਬੰਨ੍ਹ 300 ਫੁੱਟ ਕਰੀਬ ਪਾੜ ਪਾ ਦਿੱਤਾ ਸੀ | ਜਿਸ ਨੂੰ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਵਾਲਿਆਂ ਵਲੋਂ ਆਪਣੇ ਸੇਵਕਾਂ ਦੇ ਸਹਿਯੋਗ ਨਾਲ ਇਕ ਵਾਰ ਕਾਬੂ ਤਾਂ ਕਰ ਲਿਆ ਹੈ ਪਰ ਖ਼ਤਰਾ ਹਾਲੇ ਵੀ ਬਣਿਆ ਹੋਇਆ ਹੈ | ਅੱਜ ਸਥਾਨਕ ਪ੍ਰਤੀਨਿਧੀ ਬਲਾਕ ਮੱਖੂ ਦੇ ਪਿੰਡ ਵਾੜਾ ਕਾਲੀ ਰਾਉਣ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਜਾਣਕਾਰੀ ਸਾਂਝੇ ਕਰਦਿਆਂ ਦੱਸਿਆ ਕਿ ਮੁਖਤਿਆਰ ਸਿੰਘ, ਅਜੀਤ ਸਿੰਘ, ਪ੍ਰੀਤਮ ਸਿੰਘ, ਸੁਖਦੇਵ ਸਿੰਘ, ਸਮਸ਼ੇਰ ਸਿੰਘ, ਬਗੀਚਾ ਸਿੰਘ, ਬੱਬੂ, ਦੇਸਾ, ਬਿੱਟੂ, ਹੈਪੀ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਸੁਖਚੈਨ ਸਿੰਘ, ਸੋਨਾ ਸਿੰਘ, ਗੁਰਨਾਮ ਸਿੰਘ ਦੇ ਮਕਾਨਾਂ ਨੂੰ ਸਤਲੁਜ ਦਰਿਆ ਨੇ ਢਹਿ ਢੇਰੀ ਕਰ ਦਿੱਤਾ ਹੈ ਅਤੇ ਇਨ੍ਹਾਂ ਵਿਚੋਂ ਬਹੁਤੇ ਪਰਿਵਾਰ ਜਿਨ੍ਹਾਂ ਕੋਲ ਇਕ ਅੱਧਾ ਕਿੱਲਾ ਹੀ ਜ਼ਮੀਨ ਸੀ ਉਹ ਵੀ ਦਰਿਆ ਦੀ ਭੇਟ ਚੜ੍ਹ ਗਈ ਹੈ | ਇਨ੍ਹਾਂ ਪਰਿਵਾਰਾਂ ਨੂੰ ਆਪਣਾ ਪਰਿਵਾਰ ਪਾਲਨਾ ਮੁਸ਼ਕਲ ਹੋ ਚੁੱਕਿਆ ਹੈ ਜਦ ਖੁੱਲੇ੍ਹ ਅਸਮਾਨ ਹੇਠ ਤੰਬੂ ਲਾ ਕੇ ਬੈਠੀਆਂ ਹੜ੍ਹ ਪ੍ਰਭਾਵਿਤ ਬੀਬੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਸਾਰੇ ਪਰਿਵਾਰਾਂ ਕੋਲ 50 ਦੇ ਕਰੀਬ ਪਸ਼ੂ ਹਨ ਅਤੇ ਜੋ ਅਸੀਂ ਹਰਾ ਚਾਰਾ ਬੀਜਿਆ ਸੀ ਉਹ ਵੀ ਦਰਿਆ ਦੀ ਭੇਟ ਚੜ ਗਿਆ ਹੈ | ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੰਜ-ਪੰਜ ਮਰਲੇ ਪਲਾਟ ਦੇ ਕੇ ਮਕਾਨ ਬਣਾ ਕੇ ਦਿੱਤੇ ਜਾਣ ਤਾਂ ਜੋ ਅਸੀਂ ਆਪਣਾ ਰਹਿਣ ਬਸੇਰਾ ਕਰ ਸਕੀਏ | ਸਾਬਕਾ ਸਰਪੰਚ ਹੰਸਾ ਸਿੰਘ ਨੇ ਦੱਸਿਆ ਕਿ ਜਿੱਥੇ 16 ਪਰਿਵਾਰਾਂ ਦੇ ਮਕਾਨ ਨੁਕਸਾਨੇ ਗਏ ਉੱਥੇ ਹੀ 10-12 ਪਰਿਵਾਰਾਂ ਦੇ ਮਕਾਨ ਵੀ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਹੋਏ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਬੰਨ੍ਹ ਵਿਚ ਪਏ ਪਾੜ ਨੂੰ ਜਲਦ ਪੂਰ ਕੇ ਪੱਕਾ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਸੀਂ ਨੁਕਸਾਨ ਤੋਂ ਬਚ ਸਕੀਏ | ਉਨ੍ਹਾਂ ਕਿਹਾ ਕਿ ਅੱਜ ਜਦ ਸਤਲੁਜ ਦਰਿਆ ਵਿਚ ਪਾਣੀ ਦੇ ਨਾਲ ਝੱਗ ਆਉਣੀ ਸ਼ੁਰੂ ਹੋਈ ਤਾਂ ਅਸੀਂ ਸਾਰੇ ਪਿੰਡ ਵਾਸੀ ਸਹਿਮ ਗਏ ਸੀ | ਉਨ੍ਹਾਂ ਵਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਪਿੰਡ ਵਿਚ ਪਹੁੰਚ ਕੇ ਜ਼ਰੂਰਤਮੰਦ ਪਰਿਵਾਰਾਂ ਦੀ ਸਿੱਧੀ ਸਹਾਇਤਾ ਕੀਤੀ ਜਾਵੇ ਤਾਂ ਜੋ ਤੁਹਾਡੇ ਵਲੋਂ ਕੀਤਾ ਦਾਨ ਸਹੀ ਵਿਅਕਤੀ ਤੱਕ ਪਹੁੰਚ ਸਕੇ | ਉਨ੍ਹਾਂ ਦੱਸਿਆ ਕਿ ਇਸ ਪਿੰਡ ਦੀ 200 ਏਕੜ ਦੇ ਕਰੀਬ ਜ਼ਮੀਨ 'ਤੇ ਲੱਗੇ ਝੋਨੇ ਦੀ ਫ਼ਸਲ ਵੀ ਬਰਬਾਦ ਹੋ ਗਈ ਹੈ ਅਤੇ ਦਰਿਆ ਵਲੋਂ ਬਚੀ ਹੋਈ ਜ਼ਮੀਨ ਨੂੰ ਵੀ ਢਾਅ ਲਾਈ ਹੋਈ ਹੈ ਜੇਕਰ ਪ੍ਰਸ਼ਾਸਨ ਦੁਆਰਾ ਨੋਚ ਬਣਾ ਕੇ ਢਾਅ ਨੂੰ ਨਾ ਰੋਕਿਆ ਗਿਆ ਤਾਂ ਨੁਕਸਾਨ ਹੋਰ ਵੀ ਹੋ ਸਕਦਾ ਹੈ |