ਮੱਖੂ, 1 ਨਵੰਬਰ (ਵਰਿੰਦਰ ਮਨਚੰਦਾ)-ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਬਾਬਾ ਮਸਤ ਕਰਮ ਚੰਦ ਬਾਠਾਂ ਵਾਲਾ ਮੱਖੂ ਦੇ ਪ੍ਰਬੰਧਕਾਂ ਵਲੋਂ ਸ਼ਹਿਰ ਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੰਜ-ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸ਼ਹਿਰ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ, ਰੇਲਵੇ ਰੋਡ ਰਾਹੀਂ ਹੁੰਦਾ ਹੋਇਆ ਅਰਾਈਆਂ ਵਾਲਾ, ਵਾਰਸ ਵਾਲਾ, ਫੇਮੀ ਵਾਲਾ ਰਾਹੀਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦੇ ਸਵਾਗਤ ਲਈ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਵਲੋਂ ਜਿੱਥੇ ਥਾਂ-ਥਾਂ ਸਵਾਗਤੀ ਗੇਟ ਲਗਾਏ ਗਏ ਸਨ ਉੱਥੇ ਸ਼ਹਿਰ ਅਤੇ ਇਲਾਕਾ ਵਾਸੀਆਂ ਵਲੋਂ ਸੰਗਤਾਂ ਲਈ ਕਈ ਤਰ੍ਹਾਂ ਦੇ ਲੰਗਰ ਵੀ ਤਿਆਰ ਕੀਤੇ ਗਏ ਸਨ | ਇਸ ਮੌਕੇ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਹੀਆਂ ਬੀਬੀਆਂ ਵਲੋਂ ਵਾਹਿਗੁਰੂ ਦਾ ਜਾਪ ਵੀ ਕੀਤਾ ਜਾ ਰਿਹਾ ਸੀ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ, ਗੁਰਦੇਵ ਸਿੰਘ ਵਾਰਸ ਵਾਲਾ, ਗੁਰਦੁਆਰਾ ਸਾਹਿਬ ਦੇ ਮੈਨੇਜਰ ਇਕਬਾਲ ਸਿੰਘ, ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ |