ਮੱਖੂ, 2 ਨਵੰਬਰ (ਕੁਲਵਿੰਦਰ ਸਿੰਘ ਸੰਧੂ)-ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਨਿਯਮਾਂ ਦੇ ਉਲਟ ਪੰਜਾਬ ਭਰ ਦੇ ਵੱਖ-ਵੱਖ ਹਾਈਵੇਜ਼ ਉੱਤੇ ਢਾਬਾ ਮਾਲਕਾਂ ਅਤੇ ਰੈਸਟੋਰੈਂਟਾਂ ਵਾਲਿਆਂ ਵਲੋਂ ਲਗਾਏ ਗਏ ਨਾਜਾਇਜ਼ ਹੋਰਡਿੰਗਾਂ, ਡੈਕੋਰੇਸ਼ਨਾਂ ਅਤੇ ਤਿੱਖੀਆਂ ਰੌਸ਼ਨੀਆਂ ਦਾ ਮਸਲਾ ਚਰਚਾ ਦਾ ਕੇਂਦਰ ਬਣਿਆ | ਕਸਬਾ ਮੱਖੂ ਨੇੜੇ ਬੰਗਾਲੀ ਵਾਲਾ ਪੁਲ ਵਿਖੇ ਦਰਜਨਾਂ ਦੀ ਗਿਣਤੀ ਵਿਚ ਖੁੱਲੇ੍ਹ ਰੈਸਟੋਰੈਂਟਾਂ ਅਤੇ ਢਾਬਿਆਂ ਵਾਲਿਆਂ ਵਲੋਂ ਸੜਕਾਂ ਦੇ ਕੰਢੇ ਲਗਾਏ ਗਏ ਅਣਗਿਣਤ ਹੋਰਡਿੰਗਾਂ, ਡੈਕੋਰੇਸ਼ਨ ਲਾਈਟਾਂ ਲਗਾਈਆਂ ਗਈਆਂ ਹਨ ਜੋ ਜਿੱਥੇ ਵਹੀਕਲ ਚਾਲਕਾਂ ਦਾ ਧਿਆਨ ਭਟਕਾਉਂਦੀਆਂ ਹਨ ਉੱਥੇ ਹੀ ਇਹ ਖ਼ਤਰਨਾਕ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਹਨ ਕਿਉਂਕਿ ਤੇਜ਼ ਰੌਸ਼ਨੀਆਂ ਕਾਰਨ ਡਰਾਈਵਰ ਨੂੰ ਅੱਗੇ ਕੁੱਝ ਦਿਖਾਈ ਨਹੀਂ ਦਿੰਦਾ ਅਤੇ ਜਾਂ ਫਿਰ ਡਰਾਈਵਰ ਦਾ ਧਿਆਨ ਭਟਕ ਜਾਂਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫ਼ਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕਰਦਿਆਂ ਕਿਹਾ ਕਿ ਇਹ ਨਾਜਾਇਜ਼ ਤਰੀਕੇ ਨਾਲ ਲਗਾਏ ਗਏ ਇਲੈਕਟਿ੍ਕ ਲਾਈਟਾਂ, ਐਲ.ਈ.ਡੀ ਬੋਰਡ ਅਤੇ ਹੋਰ ਡੈਕੋਰੇਸ਼ਨ ਸਿਰਫ਼ ਹਾਈਵੇ ਦੀ ਸੁੰਦਰਤਾ ਹੀ ਖ਼ਰਾਬ ਨਹੀਂ ਕਰ ਰਹੇ, ਸਗੋਂ ਰਾਤ ਸਮੇਂ ਵਾਹਨ ਚਲਾਉਣ ਵਾਲਿਆਂ ਲਈ ਗੰਭੀਰ ਖ਼ਤਰਾ ਵੀ ਬਣ ਰਹੇ ਹਨ | ਫ਼ਰਮਾਨ ਸਿੰਘ ਸੰਧੂ ਨੇ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਅਤੇ ਸੂਬਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਅਜਿਹੀਆਂ ਸਾਰੀਆਂ ਗ਼ੈਰਕਾਨੰੂਨੀ ਡੈਕੋਰੇਸ਼ਨਾਂ, ਬੋਰਡਾਂ ਅਤੇ ਲਾਈਟਾਂ ਨੂੰ ਹਟਵਾਉਣ ਲਈ ਮੁਹਿੰਮ ਚਲਾਵੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਯੂਨੀਅਨ ਹਾਈਵੇ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਵੱਡੀ ਚੇਤਾਵਨੀ ਰੂਪੀ ਮੋਰਚਾ ਸ਼ੁਰੂ ਕਰੇਗੀ | ਸੰਧੂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਸਿਰਫ਼ ਕਿਸਾਨਾਂ ਦੇ ਹੱਕਾਂ ਲਈ ਹੀ ਨਹੀਂ ਸਗੋਂ ਲੋਕਾਂ ਦੀ ਜਾਨ ਅਤੇ ਸੁਰੱਖਿਆ ਨਾਲ ਜੁੜੇ ਹਰ ਮਸਲੇ 'ਤੇ ਆਪਣਾ ਫ਼ਰਜ਼ ਨਿਭਾਉਂਦੀ ਰਹੇਗੀ |