ਜ਼ੀਰਾ, 23 ਨਵੰਬਰ (ਰਜਨੀਸ਼ ਕਥੂਰੀਆ)-ਤਰਨਤਾਰਨ ਜ਼ਿਮਨੀ ਚੋਣ ਦੌਰਾਨ ਇਹ ਸੀਟ ਭਾਵੇਂ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਚਲੀ ਗਈ ਹੈ ਪਰ ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੂਸਰੇ ਨੰਬਰ ਤੇ ਆਉਣ ਕਰਕੇ ਇਸ ਚੋਣ ਨੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਟੀਮ ਦਾ ਦੂਜੇ ਸਥਾਨ 'ਤੇ ਆਉਣ ਨਾਲ ਜਿੱਥੇ ਵਿਰੋਧੀ ਪਾਰਟੀਆਂ ਦੀ ਚਿੰਤਾ ਵਧ ਗਈ ਹੈ ਉੱਥੇ ਪੰਜਾਬ ਵਿਚ ਸੱਤਾ ਦੀ ਕੁਰਸੀ ਦੇ ਸੁਪਨੇ ਵੇਖਦੀ ਇਸ ਪਾਰਟੀ ਦੀ ਸਾਬਕਾ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ | ਇਸ ਚੋਣ ਨਤੀਜੇ ਨੇ ਇਹ ਜ਼ਾਹਿਰ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵਿਰੋਧੀ ਪਾਰਟੀਆਂ ਅਤੇ ਦਲ ਬਦਲ ਕੇ ਇਸੇ ਪਾਰਟੀ ਨੂੰ ਠਿੱਬੀ ਲਗਾਉਣ ਲਈ ਭਾਜਪਾ ਦੀ ਬੀ ਟੀਮ ਬਣੇ ਅਕਾਲੀ ਦਲ ਦੀਆਂ ਆਸਾਂ ਨੂੰ ਬੂਰ ਪੈਣ ਦੀ ਸੰਭਾਵਨਾ ਮੁਸ਼ਕਿਲ ਹੀ ਨਹੀਂ ਬਲਕਿ ਨਾਮੁਮਕਨ ਹੈ | ਇਸ ਸੰਬੰਧ ਵਿਚ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਸੁੱਖ ਜੌੜਾ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਰਿਵਾਰ ਸਮੇਤ ਪਾਰਟੀ ਵਰਕਰਾਂ ਦੀ ਟੀਮ ਬਣਾ ਕੇ ਜਿਸ ਵਿਉਂਤਬੰਦੀ ਨਾਲ ਤਰਨਤਾਰਨ ਉਪ ਚੋਣ ਵਿਚ ਕੰਪੇਨ ਕੀਤੀ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਨਾ ਕੇਵਲ ਯੋਜਨਾਬੱਧ ਤਰੀਕੇ ਨਾਲ ਪਾਰਟੀ ਦੇ ਸੰਕਟ ਦੇ ਸਮੇਂ ਵਿਚ ਵੀ ਚੜ੍ਹਦੀ ਕਲਾ ਵਿਚ ਰਹਿ ਕੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ ਬਲਕਿ ਭਵਿੱਖ ਵਿੱਚ ਪੰਜਾਬ ਦੀ ਵਾਗਡੋਰ ਸੰਭਾਲਣ ਦੇ ਵੀ ਸਮਰੱਥ ਹਨ | ਸੁਖਵਿੰਦਰ ਸਿੰਘ ਸੁੱਖ ਜੌੜਾ ਨੇ ਦਾਅਵਾ ਕੀਤਾ ਕਿ ਆ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੀ ਅਕਾਲੀ ਦਲ ਬਾਦਲ ਦੀ ਚੜ੍ਹਤ ਬਰਕਰਾਰ ਰਹੇਗੀ |