ਫਿਰੋਜ਼ਪੁਰ, 5 ਦਸੰਬਰ (ਸੁਖਵਿੰਦਰ ਸਿੰਘ)-ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ 11 ਦਸੰਬਰ ਨੂੰ ਫਿਰੋਜ਼ਪੁਰ ਦਾ ਦੌਰਾ ਕਰਨਗੇ | ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬੰਬਾਹ ਨੇ ਉਨ੍ਹਾਂ ਦੀ ਆਮਦ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਮੀਟਿੰਗ ਕਰਨ ਮੌਕੇ ਦਿੱਤੀ | ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਸੁਰੱਖਿਆ ਸਬੰਧੀ ਸਾਰੇ ਜ਼ਰੂਰੀ ਪ੍ਰਬੰਧਾਂ ਨੂੰ ਪੂਰੇ ਕਰਨ ਲਈ ਆਖਿਆ | ਇਸ ਤੋਂ ਇਲਾਵਾ ਉਨ੍ਹਾਂ ਸਿਹਤ ਵਿਭਾਗ, ਬਿਜਲੀ ਵਿਭਾਗ, ਨਗਰ ਕੌਂਸਲ, ਪੀ.ਡਬਲਯੂ.ਡੀ ਆਦਿ ਵਿਭਾਗਾਂ ਨੂੰ ਆਪੋ-ਆਪਣੇ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਉਹ ਬਾਰਡਰ ਏਰੀਆ ਦੇ ਕਾਲਜਾਂ ਅਤੇ ਵਿਲੈਜ਼ ਡਿਫੈਂਸ ਕਮੇਟੀਆਂ ਨਾਲ ਵਿਚਾਰ ਚਰਚਾ ਕਰਨਗੇ ਅਤੇ ਫ਼ਿਰੋਜ਼ਪੁਰ ਦੇ ਹੋਰਨਾਂ ਮਹੱਤਵਪੂਰਨ ਸਥਾਨਾਂ ਦਾ ਦੌਰਾ ਵੀ ਕਰਨਗੇ | ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਮਾਨਯੋਗ ਰਾਜਪਾਲ ਦੀ ਆਮਦ 'ਤੇ ਲਗਾਈ ਗਈ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਡਾ. ਅਰਵਿੰਦ ਕੁਮਾਰ, ਆਈ.ਏ.ਐੱਸ. ਲਿੰਦਿਆ, ਆਰ.ਟੀ.ਏ. ਅਮਨਦੀਪ, ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਰਾਜਬੀਰ ਸਿੰਘ, ਐਸ.ਪੀ ਮਨਜੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |