ਜ਼ੀਰਾ, 5 ਦਸੰਬਰ(ਹਰਜੀਤ ਸਿੰਘ ਗਿੱਲ)-ਇਲਾਕੇ ਦੀ ਮਾਨਮੱਤੀ ਸੰਸਥਾ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਹਮੇਸ਼ਾ ਹੀ ਆਪਣੀ ਪ੍ਰਾਪਤੀਆਂ ਤੇ ਵਿਲੱਖਣ ਪਿਰਤਾਂ ਕਾਰਨ ਸੁਰਖ਼ੀਆਂ ਦੇ ਵਿਚ ਰਹਿੰਦੀ ਹੈ | ਇਸੇ ਤਰ੍ਹਾਂ ਇਨ੍ਹਾਂ ਪ੍ਰਾਪਤੀਆਂ ਦੀ ਸੂਚੀ 'ਚ ਹੋਰ ਵਾਧਾ ਕਰਦਿਆਂ ਸਰਕਾਰੀ ਸਕ ਵਿਖੇ ਕਰਵਾਏ ਪੰਜਾਬ ਪੱਧਰੀ ਬਾਕਸਿੰਗ ਮੁਕਾਬਲਿਆਂ ਵਿਚ ਅੰਡਰ-19 ਮੁਕਾਬਲਿਆਂ ਵਿਚ ਇਸ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਪੱਧਰ 'ਤੇ ਦੋ ਸੋਨੇ ਦੇ ਅਤੇ ਚਾਰ ਕਾਂਸੀ ਦੇ ਤਗਮੇ ਜਿੱਤਣ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਅਧਿਆਪਕ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਪੱਧਰ ਤੇ ਸਾਡੇ ਸਕੂਲ ਦੀਆਂ ਲੜਕੀਆਂ ਸੁਖਪ੍ਰੀਤ ਕੌਰ ਅਤੇ ਅਰਾਧਨਾ ਵਲੋਂ ਅੰਡਰ 19 ਦੇ ਵਿਚੋਂ ਗੋਲਡ ਮੈਡਲ ਹਾਸਿਲ ਕੀਤੇ ਗਏ ਹਨ | ਜ਼ਿਕਰਯੋਗ ਹੈ ਕਿ ਸੋਨ ਤਗਮਾ ਜੇਤੂ ਸੁਖਪ੍ਰੀਤ ਕੌਰ ਲਗਾਤਾਰ ਚਾਰ ਵਾਰ ਪੰਜਾਬ ਪੱਧਰ ਗੋਲਡ ਮੈਡਲ ਜਿੱਤ ਚੁੱਕੀ ਹੈ ਅਤੇ ਉਹ ਪਿਛਲੀ ਵਾਰ ਨੈਸ਼ਨਲ ਖੇਡਾਂ ਵਿਚੋਂ ਵੀ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦੀ ਝੋਲੀ ਪਾ ਚੁੱਕੀ ਹੈ | ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਇਸ ਸਕੂਲ ਦੀਆਂ ਚਾਰ ਬੇਟੀਆਂ ਸਿਮਰਨ, ਕੁਲਦੀਪ, ਜਸ਼ਨ ਤੇ ਪ੍ਰਭ ਵਲੋਂ ਵੀ ਕਾਂਸੀ ਦੇ ਤਗਮੇ ਹਾਸਿਲ ਕੀਤੇ ਗਏ ਹਨ | ਇਨ੍ਹਾਂ ਵਿਦਿਆਰਥਣਾਂ ਦੇ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਰਾਕੇਸ਼ ਸ਼ਰਮਾ ਅਤੇ ਸਮੂਹ ਸਕੂਲ ਸਟਾਫ਼ ਵਲੋਂ ਇਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨੂੰ ਹਾਰ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਰਾਕੇਸ਼ ਸ਼ਰਮਾ ਵਲੋਂ ਇਨ੍ਹਾਂ ਲੜਕੀਆਂ ਨੂੰ ਇਸ ਪ੍ਰਾਪਤੀ ਲਈ ਵਿਸ਼ੇਸ਼ ਤੋਹਫ਼ੇ ਪ੍ਰਦਾਨ ਕੀਤੇ ਗਏ | ਉਨ੍ਹਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਬੇਟੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਇਨ੍ਹਾਂ ਦੀ ਸਖ਼ਤ ਮਿਹਨਤ ਦੇ ਨਾਲ-ਨਾਲ ਤਿਆਰੀ ਕਰਵਾਉਣ ਵਾਲੇ ਕੋਚ ਸਾਹਿਬਾਨ ਲੈਕਚਰਾਰ ਫਿਜ਼ੀਕਲ ਲਕਸ਼ਮੀ ਵਰਮਾ ਅਤੇ ਖੇਡ ਅਧਿਆਪਕ ਪਰਮਜੀਤ ਸਿੰਘ ਨੂੰ ਜਾਂਦਾ ਹੈ | ਸਕੂਲ ਪਿ੍ੰਸੀਪਲ ਨੇ ਨੈਸ਼ਨਲ ਖੇਡਾਂ ਵਿਚ ਵੀ ਇਹਨਾਂ ਲੜਕੀਆਂ ਵਲੋਂ ਪੰਜਾਬ ਦੀ ਨੁਮਾਇੰਦਗੀ ਕਰਕੇ ਨੈਸ਼ਨਲ ਮੈਡਲ ਜਿੱਤ ਕੇ ਪੰਜਾਬ ਦੀ ਝੋਲੀ ਪਾਉਣ ਦੀ ਉਮੀਦ ਜਤਾਈ | ਇਸ ਮੌਕੇ ਸਕੂਲ ਸਟਾਫ਼ ਵਿਚ ਲੈਕਚਰਾਰ ਅਨੂ ਮੋਗਾ, ਸੰਜੀਵ ਕੁਮਾਰ, ਲਖਵਿੰਦਰ ਸਿੰਘ, ਨੀਲਮ ਰਾਣੀ, ਕਿਰਨਬੀਰ ਕੌਰ, ਸ਼ਰਨਜੀਤ ਕੌਰ ਅਤੇ ਕਮਲਜੀਤ ਕੌਰ ਆਦਿ ਹਾਜ਼ਰ ਸਨ |