ਮਮਦੋਟ, 21 ਦਸੰਬਰ (ਸੁਖਦੇਵ ਸਿੰਘ ਸੰਗਮ)-ਜ਼ਿਲ੍ਹਾ ਪੁਲਿਸ ਫ਼ਿਰੋਜ਼ਪੁਰ ਦੁਆਰਾ ਚਲਾਈ ਜਾ ਰਹੀ ਨਸ਼ਿਆਂ ਦੇ ਖ਼ਾਤਮੇ ਲਈ ਵਿਸ਼ੇਸ਼ ਮੁਹਿੰਮ ਤਹਿਤ ਜਾਣਕਾਰੀ ਕਰਦੇ ਹੋਏ ਥਾਣਾ ਲੱਖੋ ਕਿ ਬਹਿਰਾਮ ਅਤੇ ਥਾਣਾ ਮਮਦੋਟ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 13 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਇਸ ਬਾਬਤ ਮਿਲੀ ਜਾਣਕਾਰੀ ਮੁਤਾਬਿਕ ਥਾਣਾ ਲੱਖੋਂ ਕਿ ਬਹਿਰਾਮ ਤੋਂ ਸਬ ਇੰਸਪੈਕਟਰ ਪਰਮਜੀਤ ਕੌਰ ਪੁਲਿਸ ਪਾਰਟੀ ਨਾਲ ਜਦੋਂ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਇਕ ਵਿਅਕਤੀ ਨੂੰ 13 ਗ੍ਰਾਮ ਹੈਰੋਇਨ, ਲਾਈਟਰ ਅਤੇ ਪੰਨੀ ਸਣੇ ਗਿ੍ਫ਼ਤਾਰ ਕੀਤਾ | ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਮਮਦੋਟ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੌਰਾਨ ਮੁਖ਼ਬਰ ਦੁਆਰਾ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਪੁਲਿਸ ਵਲੋਂ ਬਾਲੇ ਵਾਲਾ ਹੈੱਡ ਨਜ਼ਦੀਕ ਖੜੇ ਇਕ ਨਸ਼ਾ ਤਸਕਰ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਪਾਰਟੀਆਂ ਵਲੋਂ ਕ੍ਰਮਵਾਰ ਬਿੰਦਰਪਾਲ ਸਿੰਘ ਵਾਸੀ ਪਿੰਡ ਤੂਰ ਅਤੇ ਧਰਮਾਂ ਸਿੰਘ ਵਾਸੀ ਪਿੰਡ ਗਾਮੇ ਵਾਲਾ ਖ਼ਿਲਾਫ਼ ਐਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕਰ ਲਏ ਗਏ ਹਨ ਅਤੇ ਇਸ ਤੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |