ਫ਼ਿਰੋਜ਼ਪੁਰ, 22 ਦਸੰਬਰ (ਰਾਕੇਸ਼ ਚਾਵਲਾ)-ਧੁੰਦ ਵਾਲੇ ਸਰਦੀਆਂ ਦੇ ਮੌਸਮ ਦੌਰਾਨ ਸੜਕ ਹਾਦਸਿਆਂ ਦੇ ਜੋਖ਼ਮ ਨੂੰ ਘਟਾਉਣ ਲਈ ਐਨ.ਜੀ.ਓ ਕੋਆਰਡੀਨੇਸ਼ਨ ਸੋਸਾਇਟੀ ਨੇ ਪ੍ਰਧਾਨ ਇੰਦਰ ਸਿੰਘ ਗੋਗੀਆ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਦੇ ਵੱਖ-ਵੱਖ ਸਥਾਨਾਂ 'ਤੇ ਵਾਹਨਾਂ 'ਤੇ ਰਿਫਲੈਕਟਿਵ ਸਟਿੱਕਰ ਲਗਾ ਕੇ ਸੜਕ ਸੁਰੱਖਿਆ ਪਹਿਲਕਦਮੀ ਸ਼ੁਰੂ ਕੀਤੀ ਹੈ | ਇਸ ਪਹਿਲ ਦੌਰਾਨ ਮੌਜੂਦ ਹੋਰ ਮੈਂਬਰਾਂ ਵਿਚ ਅਸ਼ੋਕ ਕੁਮਾਰ, ਬਲਵਿੰਦਰ ਸਿੰਘ ਅਤੇ ਕਮਲੇਸ਼ ਵੋਹਰਾ ਸ਼ਾਮਲ ਸਨ | ਇਸ ਮੁਹਿੰਮ ਦੇ ਹਿੱਸੇ ਵਜੋਂ 200 ਤੋਂ ਵੱਧ ਵਾਹਨਾਂ ਮੁੱਖ ਤੌਰ 'ਤੇ ਭਾਰੀ ਵਾਹਨ ਜੋ ਅਕਸਰ ਹੌਲੀ-ਹੌਲੀ ਚੱਲਦੇ ਹਨ ਜਾਂ ਸੜਕਾਂ 'ਤੇ ਖੜ੍ਹੇ ਰਹਿੰਦੇ ਹਨ, ਨੂੰ ਗੋਲ ਰਿਫਲੈਕਟਿਵ ਸਟਿੱਕਰ ਲਗਾਏ ਗਏ ਸਨ | ਸਥਿਰ ਜਾਂ ਹੌਲੀ-ਹੌਲੀ ਚੱਲਣ ਵਾਲੇ ਭਾਰੀ ਵਾਹਨਾਂ ਦੇ ਨਾਲ ਘੱਟ ਦਿ੍ਸ਼ਟੀ ਹਾਦਸਿਆਂ ਦਾ ਇਕ ਵੱਡਾ ਕਾਰਨ ਹੈ, ਖ਼ਾਸ ਕਰਕੇ ਜਦੋਂ ਧੁੰਦ ਵਾਲੇ ਮੌਸਮ ਵਿਚ ਛੋਟੇ ਵਾਹਨ ਉਨ੍ਹਾਂ ਨਾਲ ਟਕਰਾ ਜਾਂਦੇ ਹਨ | ਇਸ ਮੌਕੇ ਗੋਗੀਆ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੀਆਂ ਲਾਈਟਾਂ ਦੀ ਨਿਯਮਤ ਤੌਰ 'ਤੇ ਜਾਂਚ ਕਰਨ ਅਤੇ ਕਿਸੇ ਵੀ ਨੁਕਸ ਨੂੰ ਤੁਰੰਤ ਦੂਰ ਕਰਨ | ਉਨ੍ਹਾਂ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ 'ਤੇ ਰਿਫ਼ਲੈਕਟਰ ਲਗਾਉਣ ਅਤੇ ਹਾਈਵੇਅ 'ਤੇ ਘੱਟ ਗਤੀ 'ਤੇ ਗੱਡੀ ਚਲਾਉਣ, ਐਮਰਜੈਂਸੀ ਦੀ ਸਥਿਤੀ ਵਿਚ ਕਾਫ਼ੀ ਬ੍ਰੇਕਿੰਗ ਸਮਾਂ ਦੇਣ ਲਈ ਸੁਰੱਖਿਅਤ ਦੂਰੀ ਬਣਾਈ ਰੱਖਣ | ਉਨ੍ਹਾਂ ਸਲਾਹ ਦਿੱਤੀ ਕਿ ਤਕਨੀਕੀ ਨੁਕਸ ਵਾਲੇ ਵਾਹਨਾਂ ਨੂੰ ਸੜਕ ਕਿਨਾਰੇ ਪਾਰਕਿੰਗ ਲਾਈਟਾਂ ਚਾਲੂ ਕਰਕੇ ਸੁਰੱਖਿਅਤ ਢੰਗ ਨਾਲ ਪਾਰਕ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਾਵਧਾਨੀ ਉਪਾਅ ਧੁੰਦ ਨਾਲ ਸਬੰਧਿਤ ਹਾਦਸਿਆਂ ਨੂੰ ਰੋਕਣ ਅਤੇ ਕੀਮਤੀ ਜਾਨਾਂ ਬਚਾਉਣ ਵਿਚ ਭੂਮਿਕਾ ਨਿਭਾਉਣਗੇ |