ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ <br/>
ਅਜੀਤ ਡੈਸਕ
28-12-2025
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਮੁਥੂਟ ਫਿਨਕਾਰਪ ਵਲੋਂ ਚਾਹ-ਬਿਸਕੁਟਾਂ ਦਾ ਲੰਗਰ ਲਗਾਇਆ
ਫਿਰੋਜ਼ਪੁਰ, (ਸੁਖਵਿੰਦਰ ਸਿੰਘ)- ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਮੇਟੀ ਘਰ ਦੇ ਬਿਲਕੁਲ ਸਾਹਮਣੇ ਮੁਥੂਟ ਫਿਨਕਾਰਪ ਵੱਲੋਂ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ | ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹਿਰ ਦੇ ਕਸੂਰੀ ਗੇਟ, ਜ਼ੀਰਾ ਗੇਟ ਅਤੇ ਬਾਂਸੀ ਗੇਟ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਗਾਏ ਗਏ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਸ਼ਹਾਦਤ ਨੂੰ ਯਾਦ ਕੀਤਾ ਅਤੇ ਲੰਗਰ ਛਕਿਆ | ਮੁਥੂਟ ਫਿਨਕਾਪਰ ਬੈਂਕ ਮੈਨੇਜਰ ਅਜੇ ਸ਼ਰਮਾ ਨੇ ਦੱਸਿਆ ਕਿ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਨੇ ਬਹੁਤ ਛੋਟੀ ਉਮਰ ਵਿਚ ਧਰਮ ਅਤੇ ਸਚਾਈ ਦੀ ਖ਼ਾਤਰ ਅਦੁੱਤੀ ਸ਼ਹਾਦਤ ਦਿੱਤੀ | ਇਹ ਸ਼ਹਾਦਤ ਸਿੱਖ ਇਤਿਹਾਸ ਵਿਚ ਅਡੋਲ ਵਿਸ਼ਵਾਸ ਅਤੇ ਬਲੀਦਾਨ ਦੀ ਅਮਿੱਟ ਮਿਸਾਲ ਹੈ | ਛੋਟੇ ਸਾਹਿਬਜ਼ਾਦਿਆਂ ਤੋਂ ਸਾਨੂੰ ਸੱਚ ਅਤੇ ਧਰਮ ਲਈ ਅਡਿੱਗ ਰਹਿਣਾ, ਡਰ ਤੋਂ ਉੱਪਰ ਉੱਠ ਕੇ ਸਹੀ ਰਸਤੇ 'ਤੇ ਤੁਰਨਾ ਅਤੇ ਕਿਸੇ ਵੀ ਲਾਲਚ ਜਾਂ ਜ਼ੁਲਮ ਅੱਗੇ ਨਾ ਝੁਕਣਾ ਸਿੱਖਣਾ ਚਾਹੀਦਾ ਹੈ | ਉਨ੍ਹਾਂ ਦੀ ਸ਼ਹਾਦਤ ਸਾਨੂੰ ਹੌਸਲੇ, ਆਤਮ-ਸਨਮਾਨ ਅਤੇ ਇਨਸਾਨੀ ਮੁੱਲਾਂ ਦੀ ਰੱਖਿਆ ਕਰਨ ਦੀ ਪੇ੍ਰਰਨਾ ਦਿੰਦੀ ਹੈ | ਇਸ ਮੌਕੇ ਬੈਂਕ ਦਾ ਸਮੂਹ ਸਟਾਫ ਹਾਜ਼ਰ ਹੋਏ |
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਸਮਾਗਮ ਕਰਵਾਇਆ
ਮੱਲਾਂਵਾਲਾ, (ਬਲਬੀਰ ਸਿੰਘ ਜੋਸਨ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਅਨਾਰਕਲੀ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਭੋਗ ਉਪਰੰਤ ਅਰਦਾਸ ਬੇਨਤੀ ਕਰਨ ਤੋਂ ਬਾਅਦ ਬਾਬਾ ਰਜਿੰਦਰ ਸਿੰਘ ਪਮਾਲ ਦੇ ਕਵੀਸ਼ਰੀ ਜਥੇ ਵਲੋਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹੀਦੀ ਦੇ ਸੰਬੰਧ ਵਿਚ ਸੰਗਤਾਂ ਨੂੰ ਗੁਰੂ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਦਾ ਸ਼ਹੀਦੀ ਦਿਹਾੜਾ ਮਨਾਇਆ
ਜ਼ੀਰਾ (ਹਰਜੀਤ ਸਿੰਘ ਗਿੱਲ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜ਼ੀਰਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ | ਅੱਜ ਦੀ ਪ੍ਰਭਾਤ ਫੇਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਢੀ ਗਈ | ਇਸ ਪ੍ਰਭਾਤ ਫੇਰੀ ਦੌਰਾਨ ਬਲਦੇਵ ਸਿੰਘ ਗਿੱਲ ਦੇ ਸਪੁੱਤਰ ਜਸਵੀਰ ਸਿੰਘ ਗਿੱਲ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਦੀਵਾਨ ਸਜਾਏ ਗਏ | ਇਸ ਦੌਰਾਨ ਕਥਾ ਵਾਚਕ ਭਾਈ ਹਰਵਿੰਦਰ ਸਿੰਘ ਸਭਰਾਵਾਂ ਨੇ ਉਸ ਵੇਲੇ ਦੇ ਜ਼ਾਲਮ ਬਾਦਸ਼ਾਹ ਅÏਰੰਗਜ਼ੇਬ ਅਤੇ ਸਰਹੰਦ ਦੇ ਸੂਬੇਦਾਰ ਵਜ਼ੀਦ ਖ਼ਾਨ ਵਲੋਂ ਕੀਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਜਾਣਕਾਰੀ ਦਿੰਦਿਆਂ ਮਾਤਾ ਗੁਜ਼ਰ ਕੌਰ ਜੀ ਅਤੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਦੀਆਂ ਹੋਈਆਂ ਸ਼ਹਾਦਤਾਂ ਦਾ ਇਤਿਹਾਸ ਸੰਗਤਾਂ ਨੂੰ ਵਿਸਥਾਰ ਸਹਿਤ ਸਰਵਣ ਕਰਵਾਇਆ | ਇਸ ਦੌਰਾਨ ਭਾਈ ਹਰਨੇਕ ਸਿੰਘ ਦੇ ਰਾਗੀ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ |
ਇਸ ਸਮੇਂ ਭਾਈ ਬਲਬੀਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪ੍ਰਭਾਤ ਫੇਰੀਆਂ 3 ਜਨਵਰੀ ਤੱਕ ਕੱਢੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ 5 ਜਨਵਰੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ | ਇਸ ਮੌਕੇ ਹੈੱਡ ਗ੍ਰੰਥੀ ਭਾਈ ਅੰਮਿ੍ਤਪਾਲ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
ਮੱਖੂ, (ਕੁਲਵਿੰਦਰ ਸਿੰਘ ਸੰਧੂ)-ਸਾਹਿਬਜ਼ਾਦਾ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਸ਼ਹੀਦ ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਸਮਰਪਿਤ ਸਵ. ਮਾਤਾ ਗੁਰਦਾਸ ਕੌਰ (ਭੂਆ ਜੀ) ਪਰਿਵਾਰ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨਿਜ਼ਾਮਦੀਨ ਵਾਲਾ (ਮੱਖੂ) ਵਿਖੇ ਕਰਵਾਇਆ ਗਿਆ | ਜਿਸ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਢਾਡੀ ਹਰਜਿੰਦਰ ਸਿੰਘ ਫੱਕਰ ਸੁਲਤਾਨਪੁਰ ਵਾਲਿਆਂ ਦੇ ਢਾਡੀ ਜਥੇ ਵਲੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰ ਕੌਰ ਦੀ ਸ਼ਹੀਦੀ ਦਾਸਤਾਨ ਸੰਗਤਾਂ ਨੂੰ ਸਰਵਣ ਕਰਵਾਈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਦਾ ਆਪਣੇ ਮਨ ਵਿਚ ਵਸਾ ਕੇ ਰੱਖਣ ਅਤੇ ਉਹਨਾਂ ਦੇ ਦੱਸੇ ਮਾਰਗ 'ਤੇ ਚੱਲਣ ਲਈ ਪ੍ਰੇਰਤ ਕੀਤਾ | ਨੰਬਰਦਾਰ ਰਾਜ ਬਹਾਦਰ ਸਿੰਘ ਢਿੱਲੋਂ ਦੇ ਪੋਤਰੇ ਅਵੀਜੋਤ ਸਿੰਘ ਵਲੋਂ ਸਾਹਿਬਜ਼ਾਦਾ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਸ਼ਹੀਦ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜ਼ਰ ਕੌਰ, ਗੁਰੂ ਸਾਹਿਬਾਨ ਅਤੇ ਸ਼ਹੀਦਾਂ ਸਿੰਘਾਂ ਦੀਆਂ ਤਸਵੀਰਾਂ ਜੋ ਕਿ ਉਸ ਨੇ ਆਪਣੇ ਹੱਥ ਨਾਲ ਤਿਆਰ ਕੀਤੀਆਂ ਸਨ, ਦੇ ਦਰਸ਼ਨ ਸੰਗਤਾਂ ਨੂੰ ਕਰਵਾਏ | ਅੰਤ ਵਿਚ ਗੁਰੂ ਘਰ ਦੇ ਵਜ਼ੀਰ ਬਾਬਾ ਗੁਰਨਾਮ ਸਿੰਘ ਦੀਨੇ ਕੇ ਵਾਲਿਆਂ ਵਲੋਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਬੀ ਗੁਰਦਾਸ ਕੌਰ (ਭੂਆ ਜੀ) ਕਾਫ਼ੀ ਲੰਬੇ ਸਮੇਂ ਤੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰ ਕੌਰ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਉਂਦੇ ਰਹੇ ਅਤੇ ਜਦ ਹੁਣ ਉਹ ਸਵਰਗ ਸਿਧਾਰ ਗਏ ਹਨ ਤਾਂ ਉਨ੍ਹਾਂ ਦਾ ਪਰਿਵਾਰ ਅਤੇ ਨਗਰ ਸ਼ਹੀਦੀ ਗੁਰਮਤਿ ਸਮਾਗਮ ਹਰ ਸਾਲ ਕਰਵਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦੇ ਹਨ |