ਫ਼ਿਰੋਜ਼ਪੁਰ, 29 ਦਸੰਬਰ (ਗੁਰਿੰਦਰ ਸਿੰਘ)-ਮਹਾਰਾਸ਼ਟਰ ਦੇ ਛਤਰਪਤੀ ਸ਼ੰਭਾਜੀ ਨਗਰ ਵਿਚ ਹੋਈਆਂ 69ਵੀਆਂ ਨੈਸ਼ਨਲ ਸਕੂਲ ਗੇਮਜ਼ (ਅੰਡਰ-17 ਫੈਂਸਿੰਗ) ਦੀ ਏ.ਪੀ ਟੀਮ ਈਵੈਂਟ ਵਿਚ ਵਿਵੇਕਾਨੰਦ ਵਰਲਡ ਸਕੂਲ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਸਿਮਰਜੀਤ ਸਿੰਘ ਨੇ ਕਾਂਸੀ ਦਾ ਤਮਗ਼ਾ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ. ਐੱਸ. ਐਨ. ਰੁਦਰਾ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ਼ ਸਪੋਰਟਸ ਐਂਡ ਯੂਥ ਸਰਵਿਸਿਜ਼, ਮਹਾਰਾਸ਼ਟਰ ਵਲੋਂ ਜ਼ਿਲ੍ਹਾ ਖੇਡ ਦਫ਼ਤਰ ਛਤਰਪਤੀ ਸੰਭਾਜੀਨਗਰ ਦੇ ਸਹਿਯੋਗ ਨਾਲ ਇਹ ਮੁਕਾਬਲੇ 27 ਤੋਂ 31 ਦਸੰਬਰ ਤੱਕ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸਕੂਲ ਵਿਦਿਆਰਥੀਆਂ ਨੂੰ ਲਗਾਤਾਰ ਆਪਣੇ ਹੁਨਰ ਨੂੰ ਖੋਜਣ ਅਤੇ ਨਿਖਾਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਉਪਲਬਧੀਆਂ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਬਣਦੀਆਂ ਹਨ, ਉਨ੍ਹਾਂ ਦੇ ਮਨੋਬਲ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਟੀਚਿਆਂ ਅਤੇ ਭਵਿੱਖੀ ਸੁਪਨਿਆਂ 'ਤੇ ਕੇਂਦਰਿਤ ਰਹਿਣ ਵਿਚ ਮਦਦ ਕਰਦੀਆਂ ਹਨ | ਸਕੂਲ ਨੇ ਸਿਮਰਜੀਤ ਨੂੰ ਉਸ ਦੀ ਅਨੁਸ਼ਾਸਨ ਅਤੇ ਸਮਰਪਣ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਹੋਰ ਕਾਮਯਾਬੀਆਂ ਦੀ ਕਾਮਨਾ ਕੀਤੀ |