ਗੁਰੂਹਰਸਹਾਏ, 29 ਦਸੰਬਰ (ਕਪਿਲ ਕੰਧਾਰੀ)-ਇਲਾਕੇ ਅਤੇ ਸ਼ਹਿਰ ਗੁਰੂਹਰਸਹਾਏ ਦੀ ਸੁੱਖ ਸ਼ਾਂਤੀ ਦੇ ਲਈ ਸ਼ਿਵ ਭਗਤਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਕ ਜਨਵਰੀ ਨੂੰ ਨਵੇਂ ਸਾਲ ਦੀ ਸ਼ੁਰੂਆਤ ਸ਼ਿਵ ਯੱਗ ਦੇ ਨਾਲ ਕੀਤੀ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਾ ਕੁਮਾਰ, ਰਾਮ ਨਰੂਲਾ, ਬੂੜ ਚੰਦ ਬਿੰਦਰਾ, ਰਾਜੇਸ਼ ਕੁਮਾਰ, ਉਡੀਕ ਚੰਦ ਬਿੰਦਰਾ, ਬਿੰਦੂ ਭਾਰਦਵਾਜ, ਰਿਸ਼ੂ ਕੁਮਾਰ, ਹੈਪੀ ਬਿੰਦਰਾ, ਬੌਬੀ ਨਰੂਲਾ ਨੇ ਦੱਸਿਆ ਕਿ ਸ਼ਿਵ ਮਹਾ ਯੱਗ ਸੋਸਾਇਟੀ ਵਲੋਂ ਹਲਕਾ ਗੁਰੂਹਰਸਹਾਏ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੇ ਲਈ ਇਕ ਜਨਵਰੀ ਨੂੰ ਸ਼ਿਵ ਮਹਾਂ ਯੱਗ ਸਥਾਨਕ ਸ਼ਹਿਰ ਦੀ ਰੇਲਵੇ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਮਹਾਂ ਯੱਗ ਵਿਚ 108 ਅਗਨੀ ਕੁੰਡ ਹੋਣਗੇ ਜਿੱਥੇ 108 ਪਰਿਵਾਰ ਬੈਠ ਕੇ ਹਵਨ ਕਰਨਗੇ, ਜਦ ਕਿ ਬਾਕੀ ਹਾਜ਼ਰ ਸੰਗਤ ਮੰਤਰਾਂ ਦਾ ਜਾਪ ਕਰਦੇ ਹੋਏ ਇਨ੍ਹਾਂ ਅਗਨੀ ਕੁੰਡਾਂ ਦੀ ਪਰਿਕਰਮਾ ਕਰਨਗੇ | ਉਨ੍ਹਾਂ ਨੇ ਦੱਸਿਆ ਕਿ ਇਸ ਮਹਾ ਯੱਗ ਨੂੰ ਪੂਰੇ ਵਿਧੀ ਵਿਧਾਨ ਦੇ ਨਾਲ ਪੂਰਾ ਕਰਨ ਦੇ ਲਈ ਵੱਖ-ਵੱਖ ਧਾਰਮਿਕ ਸਥਾਨਾਂ ਹਰਿਦੁਆਰ, ਕੇਦਾਰਨਾਥ ਆਦਿ ਸ਼ਹਿਰ ਤੋਂ ਪੰਡਿਤਾਂ ਪਹੁੰਚ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੁੱਧ ਮਿੱਟੀ ਤੋਂ ਬਣੇ 108 ਮਿੱਟੀ ਦੇ ਸ਼ਿਵਿਲੰਗ ਵਿਸ਼ੇਸ਼ ਤੋਰ 'ਤੇ ਯੱਗ ਸਥਾਨ 'ਤੇ ਸਥਾਪਿਤ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਵਲੋਂ ਵੀ ਹਵਨ ਯੱਗ ਵਾਲੇ ਦਿਨ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਜਾਣਗੇ ਜਿਵੇਂ ਕਿ ਲਾਇੰਨਜ਼ ਕਲੱਬ ਵਲੋਂ ਕੁਲਚੇ ਛੋਲੇ ਦਾ ਲੰਗਰ, ਮੰਡੀ ਪੰਜੇ ਕੇ ਉਤਾੜ ਤੋਂ ਸੋਨੂੰ ਕੰਬੋਜ ਵਲੋਂ ਜਲੇਬੀਆਂ ਦਾ ਲੰਗਰ, ਖਾਟੂ ਸ਼ਾਮ ਸੋਸਾਇਟੀ ਵਲੋਂ ਖੀਰ ਦਾ ਲੰਗਰ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮਹਾ ਯੱਗ ਨੂੰ ਲੈ ਕੇ ਸੋਸਾਇਟੀ ਦੇ ਸਮੂਹ ਮੈਂਬਰਾਂ ਵਲੋਂ ਤਿਆਰੀਆਂ ਕਰ ਲਈਆਂ ਗਈਆਂ ਹਨ |