ਅਬੋਹਰ, 30 ਦਸੰਬਰ (ਸੁਖਜੀਤ ਸਿੰਘ ਬਰਾੜ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਡੀ.ਏ.ਵੀ ਕਾਲਜ ਅਬੋਹਰ ਦੇ ਆਡੋਟੋਰੀਅਮ ਵਿਖੇ ਅÏਰਤਾਂ ਲਈ ਸਿਹਤ, ਸਫ਼ਾਈ ਅਤੇ ਰੋਜ਼ਗਾਰ ਕੈਂਪ ਦੌਰਾਨ ਡਾ. ਕਵਿਤਾ ਸਿੰਘ ਸਿਵਲ ਸਰਜਨ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋਂ ਮੈਡੀਕਲ ਕੈਂਪ ਲਗਾਏ ਗਏ ਅਤੇ ਮਾਸ ਮੀਡੀਆ ਟੀਮ ਵਲੋਂ ਸਿਹਤ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਸਿਹਤ ਸਕੀਮਾਂ ਸਬੰਧੀ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਡਾ. ਸੌਗਾਤ ਜੈਨ ਬੱਚਿਆਂ ਦੇ ਮਾਹਿਰ, ਡਾ. ਸੌਰਭ ਨਾਰੰਗ ਚਮੜੀ ਰੋਗਾਂ ਦੇ ਮਾਹਿਰ, ਮਨਬੀਰ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਮਨਦੀਪ ਸਿੰਘ ਓਪਥੈਲਮਿਕ ਅਫ਼ਸਰ ਅਤੇ ਹੋਰ ਕਰਮਚਾਰੀ ਹਾਜ਼ਰ ਸਨ | ਇਸ ਸਮੇਂ ਡਾ ਸੌਰਭ ਨਾਰੰਗ ਨੇ ਮਹਿਲਾਵਾਂ ਦੀ ਸਿਹਤ ਸਬੰਧੀ ਵਿਚਾਰ ਪੇਸ਼ ਕੀਤੇ | ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਪੀ.ਸੀ.ਪੀ.ਐਨ.ਡੀ.ਟੀ. ਐਕਟ ਸਬੰਧੀ ਲਗਾਤਾਰ ਭਰੂਣ ਹੱਤਿਆ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਭਰੂਣ ਹੱਤਿਆ ਅਤੇ ਇਸ ਨਾਲ ਮਹਿਲਾਵਾਂ ਦੀ ਸਿਹਤ ਅਤੇ ਸਮਾਜ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਸਬੰਧੀ ਜਾਣਕਾਰੀ ਦਿੱਤੀ | ਮਨਬੀਰ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ ਨੇ ਸਿਹਤ ਵਿਭਾਗ ਦੀਆਂ ਸਕੀਮਾਂ ਜਿਵੇਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਜਨਨੀ ਸੁਰੱਖਿਆ ਯੋਜਨਾ, ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਆਦਿ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਵੱਖ ਵੱਖ ਸਕੀਮਾਂ ਸਬੰਧੀ ਜਿਵੇਂ ਹੈਪੇਟਾਈਟਸ ਬੀ ਅਤੇ ਸੀ ਦਾ ਇਲਾਜ, ਦਿਲ ਦੀਆਂ ਬਿਮਾਰੀਆਂ, ਮਾਨਸਿਕ ਰੋਗਾਂ, ਕੈਂਸਰ, ਏਡਜ਼, ਨਸ਼ਿਆਂ ਤੋਂ ਬਚਣ, ਐਨ.ਸੀ.ਡੀ. ਬਿਮਾਰੀਆਂ, ਡੈਂਟਲ ਹੈਲਥ, ਅੱਖਾਂ ਦੀ ਬਿਮਾਰੀਆਂ ਅਤੇ ਹੋਰ ਬਿਮਾਰੀਆਂ ਤੋਂ ਬਚਣ ਤੇ ਯੋਜਨਾਵਾਂ ਸਬੰਧੀ ਪੈਂਫਲੇਟ ਵੀ ਵੰਡੇ ਗਏ | ਇਸ ਸਮੇਂ ਆਮ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਦਿੱਤੀਆਂ ਜਾਂਦੀਆਂ ਸਿਹਤ ਸਕੀਮਾਂ ਦਾ ਪੂਰਾ ਲਾਭ ਲੈਣ, ਨਸ਼ਿਆਂ ਤੋਂ ਬਚਣ ਲਈ, ਗੈਰ ਸੰਚਾਰੀ ਬਿਮਾਰੀਆਂ ਤੋਂ ਬਚਣ ਪ੍ਰਤੀ ਜਾਗਰੂਕ ਕੀਤਾ ਗਿਆ |