19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨਸ਼ਾ ਵੇਚਣ ਤੋਂ ਰੋਕਣ 'ਤੇ ਸਾਬਕਾ ਫ਼ੌਜੀ ਦੀ ਕੀਤੀ ਕੁੱਟਮਾਰ

Ad Position 21
No active advertisement
ਅਜੀਤ ਡੈਸਕ 02-06-2025

ਮੌੜ ਮੰਡੀ, 1 ਜੂਨ (ਗੁਰਜੀਤ ਸਿੰਘ ਕਮਾਲੂ): ਇਕ ਪਾਸੇ ਤਾਂ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਵਿੱਢੀ ਹੋਈ ਹੈ, ਪ੍ਰੰਤੂ ਨਸ਼ਾ ਤਸਕਰਾਂ ਦੇ ਹੌਸਲੇ ਅਜੇ ਵੀ ਬੁਲੰਦ ਹਨ ਅਤੇ ਉਹ ਬਿਨ੍ਹਾਂ ਕਿਸੇ ਡਰ ਦੇ ਨਸ਼ਾ ਵੇਚਣ ਤੋਂ ਰੋਕਣ ਵਾਲਿਆਂ 'ਤੇ ਹਮਲੇ ਕਰ ਰਹੇ ਹਨ | ਅਜਿਹਾ ਹੀ ਇਕ ਮਾਮਲਾ ਹਲਕਾ ਮੌੜ ਦੇ ਪਿੰਡ ਭਾਈ ਬਖਤੌਰ ਵਿਚ ਸਾਹਮਣੇ ਆਇਆ ਹੈ, ਜਦ 31 ਮਈ ਦੀ ਰਾਤ ਕਰੀਬ ਸਾਢੇ ਕੁ ਅੱਠ ਵਜੇ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਸਾਬਕਾ ਫ਼ੌਜੀ ਰਣਵੀਰ ਸਿੰਘ ਦੇ ਘਰ ਅੱਗੇ ਆ ਕੇ ਕੁਝ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ | ਜਿਸ ਵਿਚ ਸਾਬਕਾ ਫ਼ੌਜੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਜਦ ਇਸ ਕੁੱਟਮਾਰ ਦਾ ਪਤਾ ਪਿੰਡ ਵਾਸੀਆਂ ਨੂੰ ਲੱਗਾ ਤਾਂ ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ | ਜਿਸ 'ਤੇ ਐੱਸ.ਪੀ ਬਠਿੰਡਾ ਹਿਨਾ ਗੁਪਤਾ ਅਤੇ ਐੱਸ.ਐੱਚ.ਓ ਕੋਟਫੱਤਾ ਮੌਕੇ 'ਤੇ ਪੁੱਜੇ | ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਕੁੱਟਮਾਰ ਕਰਨ ਵਾਲੇ ਜਲਦੀ ਤੋਂ ਜਲਦੀ ਫੜੇ ਜਾਣਗੇ | ਪਿੰਡ ਵਾਸੀਆਂ ਨੇ ਸਾਬਕਾ ਫ਼ੌਜੀ ਰਣਵੀਰ ਸਿੰਘ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ | ਜਿਸ ਤੋਂ ਬਾਅਦ ਉਸ ਨੂੰ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਅੱਜ ਸਵੇਰ ਸਮੁੱਚੇ ਪਿੰਡ ਵਾਸੀਆਂ ਅਤੇ ਸਾਬਕਾ ਸੈਨਿਕ ਭਲਾਈ ਐਸੋਸੀਏਸ਼ਨ ਦੀ ਇਕ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਾਬਕਾ ਫ਼ੌਜੀ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ | ਪਿੰਡ ਦੇ ਸਾਬਕਾ ਸਰਪੰਚ ਜੱਸੀ ਸਿੰਘ ਅਤੇ ਲਖਵੀਰ ਸਿੰਘ ਲੱਖੀ ਨੇ ਦੱਸਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਪਿੰਡ ਵਾਸੀਆਂ ਵਲੋਂ ਨਸ਼ਿਆਂ ਦੇ ਖ਼ਿਲਾਫ਼ 40 ਮੈਂਬਰੀ ਨਸ਼ਾ ਰੋਕੂ ਕਮੇਟੀ ਬਣਾਈ ਗਈ ਸੀ, ਜਿਸ ਵਿਚ ਸਾਬਕਾ ਫ਼ੌਜੀ ਰਣਵੀਰ ਸਿੰਘ ਵੀ ਸਰਗਰਮ ਮੈਂਬਰ ਸੀ ਅਤੇ ਕਮੇਟੀ ਵਲੋਂ ਨਸ਼ਾ ਵੇਚਣ ਵਾਲਿਆਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਜਾਂਦਾ ਸੀ, ਜਿਸ ਕਾਰਨ ਕੁਝ ਲੋਕ ਕਮੇਟੀ ਮੈਂਬਰਾਂ ਨਾਲ ਖਾਰ ਖਾਂਦੇ ਸਨ ਅਤੇ ਰਣਵੀਰ ਸਿੰਘ 'ਤੇ ਹਮਲੇ ਦੀ ਵਜ੍ਹਾ ਵੀ ਇਹੀ ਹੈ | ਖ਼ਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਦੋ ਵਿਅਕਤੀਆਂ ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਇਕ ਹੋਰ ਵਿਅਕਤੀ ਦੀ ਭਾਲ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਬਲਾਕ ਪੱਧਰੀ ਮੀਟਿੰਗ ਅਗਲੀ ਖ਼ਬਰ ਮਾਤਾ ਗੁਲਵੰਤ ਕੌਰ ਗੋਂਦਾਰਾ ਨਮਿਤ ਸ਼ਰਧਾਂਜ਼ਲੀ ਸਮਾਗਮ
Ad Position 24