ਗੋਨਿਆਣਾ, 1 ਜੂਨ (ਲਛਮਣ ਦਾਸ ਗਰਗ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਸੀਨੀਅਰ ਨੇਤਾ ਅਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ ਅੱਜ ਗੋਨਿਆਣਾ ਵਿਖੇ ਪਹੁੰਚ ਕੇ ਮਿ੍ਤਕ ਨੌਜਵਾਨ ਨਰਿੰਦਰਦੀਪ ਸਿੰਘ ਨਨੂੰ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕਰਦਿਆ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਲੜਾਈ ਵਿਚ ਹਰ ਪੜਾਅ 'ਤੇ ਪਾਰਟੀ ਵਲੋਂ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ | ਇਮਾਨ ਸਿੰਘ ਮਾਨ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ 'ਤੇ ਗੰਭੀਰ ਸਵਾਲ ਖੜੇ ਕਰਦਿਆ ਕਿਹਾ ਕਿ 'ਇਹ ਬਹੁਤ ਹੀ ਦੁਖਦਾਇਕ ਗੱਲ ਹੈ ਕਿ ਅਜੇ ਵੀ ਇਨ੍ਹਾਂ ਮਾਮਲਿਆਂ ਵਿਚ ਨਿਰਪੱਖ ਜਾਂਚ ਨਹੀਂ ਹੋ ਰਹੀ, ਜਦ ਤੱਕ ਇਸ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਰਹੇਗੀ' | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਦੋਸ਼ੀਆਂ ਖ਼ਿਲਾਫ਼ ਕੜੇ ਕਦਮ ਚੁੱਕੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਸੁਨਿਸ਼ਚਿਤ ਕੀਤੀ ਜਾਵੇ | ਸਵ: ਨਰਿੰਦਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਮਾਨ ਸਿੰਘ ਮਾਨ ਅਤੇ ਪਾਰਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 'ਅੱਜ ਸਾਨੂੰ ਕਿਸੇ ਦੀ ਲੋੜ ਸੀ ਜੋ ਸਾਡੇ ਦਰਦ ਨੂੰ ਸਮਝ ਸਕੇ | ਇਮਾਨ ਸਿੰਘ ਮਾਨ ਆਏ ਅਤੇ ਸਾਨੂੰ ਇਹ ਭਰੋਸਾ ਦਿੱਤਾ ਕਿ ਅਸੀਂ ਇਕੱਲੇ ਨਹੀਂ ਹਾਂ' | ਇਸ ਮੌਕੇ ਪਾਰਟੀ ਵਰਕਰ ਅਤੇ ਸ਼ਹਿਰ ਨਿਵਾਸੀ ਮੌਜੂਦ ਸਨ |