ਗੋਨਿਆਣਾ, 3 ਜੂਨ (ਲਛਮਣ ਦਾਸ ਗਰਗ)-ਸੀ.ਆਈ.ਏ. ਸਟਾਫ਼ ਬਠਿੰਡਾ-2 ਦੀ ਪੁਲਿਸ ਵਲੋਂ ਅੰਨ੍ਹੇ ਤਸ਼ੱਦਦ ਨਾਲ, ਕੋਹ ਕੋਹ ਕੇ ਮਾਰੇ ਗਏ ਗੋਨਿਆਣਾ ਦੇ ਨੌਜਵਾਨ ਸ਼ਹੀਦ ਨਰਿੰਦਰਦੀਪ ਸਿੰਘ ਦੇ ਪਰਿਵਾਰ, ਆਮ ਲੋਕਾਂ ਅਤੇ 'ਲੋਕ-ਰਾਜ' ਪੰਜਾਬ ਵੱਲੋਂ ਕੀਤੇ ਜਨਤਕ ਰੋਸ ਵਿਖਾਵਿਆਂ ਰਾਹੀਂ, ਨਿੱਤ ਦੇ ਜੋਰ-ਜ਼ੁਲਮ ਦੇ 'ਗੰਧਲੇ ਰਾਜ ਪ੍ਰਬੰਧ' ਨੂੰ ਠੱਲ੍ਹ ਪਾਉਣ ਲਈ, 'ਹੱਕ-ਸੱਚ ਇਨਸਾਫ਼ ਦੇ ਪ੍ਰਤੀਕ, ਹਲਕੇ ਨੀਲੇ (ਸਾਫ਼ ਜਲ) ਰੰਗੇ ਝੰਡੇ' ਲਾ ਕੇ ਲੋਕ ਸ਼ਕਤੀ ਲਾਮਬੰਦ ਕਰਨ ਦੀ ਇਕ ਵਿਆਪਕ ਲੋਕ-ਲਹਿਰ ਆਰੰਭ ਕਰ ਦਿੱਤੀ ਗਈ ਹੈ | ਵਿਖਾਵਿਆਂ ਦੌਰਾਨ ਲੋਕਾਂ ਨੇ, 'ਅੱਤ ਖ਼ੁਦਾ ਦਾ ਵੈਰ, ਹੁਣ ਜ਼ਾਲਮ ਰਾਜ ਦੀ ਨਹੀਂ ਖ਼ੈਰ', 'ਫ਼ਸਲਾਂ ਨਸਲਾਂ ਪੰਜਾਬ ਬਚਾਓ, ਲੋਕ-ਰੋਹ ਦੇ ਝੰਡੇ ਲਾਓ, ਲੋਕ-ਕ੍ਰਾਂਤੀ ਦੀ ਲਹਿਰ ਬਣਾਓ', 'ਝੂਠ ਦਾ ਰਾਜ, ਲੋਕ-ਮਾਰੂ ਕਾਨੂੰਨ' ਆਦਿ ਬੈਨਰ ਹੱਥਾਂ 'ਚ ਫੜੇ ਹੋਏ ਸਨ | ਲੋਕ-ਰਾਜ' ਪੰਜਾਬ ਦੇ ਪ੍ਰਧਾਨ, ਡਾ. ਮਨਜੀਤ ਸਿੰਘ ਰੰਧਾਵਾ ਨੇ ਲੋਕਾਂ ਨੂੰ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਗਲਤਾਨ ਕਰਕੇ ਅਤੇ ਬੇਰੁਜ਼ਗਾਰ ਰੱਖ ਕੇ ਪੰਜਾਬ ਦੇ ਉਜਾੜੇ ਦਾ ਮੁੱਢ ਬੰਨ੍ਹ ਦਿੱਤਾ ਗਿਆ ਹੈ | ਚੇਤੰਨ ਨੌਜਵਾਨਾਂ ਤੇ ਅੰਨ੍ਹਾ ਤਸ਼ੱਦਦ ਢਾਹ ਢਾਹ ਕੇ ਮਾਰਿਆ ਜਾ ਰਿਹੈ, ਉਨ੍ਹਾਂ ਕਿਹਾ ਕਿ ਇਸ ਦੀ ਮਾਂ ਬੋਲੀ ਪੰਜਾਬੀ, ਪੰਜਾਬੀ ਸਭਿਆਚਾਰ ਤੇ ਵਿਰਸੇ ਨੂੰ ਪਹਿਲਾਂ ਹੀ ਵੱਡਾ ਖੋਰਾ ਲਾਇਆ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਹ ਇਕੱਲੇ ਇਕੱਲੇ ਪਿੰਡ ਦੇ ਵੱਸ ਦਾ ਮਸਲਾ ਨਹੀਂ ਹੈ, ਬਲਕਿ ਸਾਰੇ ਪੰਜਾਬ ਦਾ ਸਾਂਝਾ ਮਸਲਾ ਹੈ, ਪੁਰਾਣੀ ਫ਼ੇਲ੍ਹ ਹੋ ਚੁੱਕੀ ਲੀਡਰਸ਼ਿਪ ਉੱਪਰ ਆਸ ਰੱਖਣੀ ਫ਼ਜ਼ੂਲ ਹੈ | ਉਨ੍ਹਾਂ ਕਿਹਾ ਕਿ ਇਕੱਠੇ ਹੋ ਕੇ ਇਸ ਜਬਰ ਨੂੰ ਰੋਕਣਾ ਹਰੇਕ ਅਣਖੀ ਪੰਜਾਬੀ ਦਾ ਇਖ਼ਲਾਕੀ ਫ਼ਰਜ਼ ਹੈ | ਡਾ. ਰੰਧਾਵਾ ਨੇ ਦੱਸਿਆ, ਕਿ ਉਸ ਬੇਹੱਦ ਕਾਮਯਾਬ ਲੋਕ-ਕ੍ਰਾਂਤੀ ਲਹਿਰ ਤੋਂ ਸੇਧ ਲੈ ਕੇ, 'ਲੋਕ-ਰਾਜ' ਪੰਜਾਬ ਵਲੋਂ, ਉਸੇ ਮੁਹਿੰਮ ਦੀ ਪੜਾਅ ਵਾਰ ਉਸਾਰੀ ਅਨੁਸਾਰ ਹੀ ਪ੍ਰੋਗਰਾਮ ਉਲੀਕੇ ਗਏ ਹਨ | 'ਪੰਜਾਬ ਬਚਾਓ' ਲੋਕ ਕ੍ਰਾਂਤੀ ਮੁਹਿੰਮ ਦੇ 'ਮੁੱਢਲੇ ਪੜਾਅ' ਵਿੱਚ ਬਿਨ੍ਹਾਂ ਦੇਰੀ ਹਲਕੇ ਨੀਲੇ 'ਸ਼ੁੱਧ ਪਾਣੀ ਰੰਗੇ' ਝੰਡੇ ਆਪਣੇ ਘਰਾਂ, ਅਦਾਰਿਆਂ ਅਤੇ ਵਾਹਨਾਂ ਉੱਪਰ ਲਾ ਕੇ 'ਲੋਕ-ਏਕਾ' ਉਸਾਰਨ ਲਈ ਕਿਹਾ ਗਿਆ ਹੈ | ਇਹ ਮੁੱਢਲਾ ਪੜਾਅ, ਮਹੀਨੇ ਭਰ ਵਿਚ, ਹਰ ਘਰ ਅਤੇ ਹਰ ਅਦਾਰੇ ਤੇ ਝੰਡੇ ਲਾ ਕੇ ਪੂਰਾ ਹੋਵੇਗਾ |
ਗੋਨਿਆਣਾ ਵਿਖੇ 'ਲੋਕ-ਰਾਜ' ਪੰਜਾਬ ਵਲੋਂ 'ਪੰਜਾਬ ਬਚਾਓ ਲੋਕ-ਕ੍ਰਾਂਤੀ ਲਹਿਰ' ਆਰੰਭ <br/>
ਅਜੀਤ ਡੈਸਕ
04-06-2025